ਤ੍ਰਿਪਤ ਬਾਜਵਾ ਵਲੋਂ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਹਰ ਟੀਵੀ ਚੈਨਲ ਨੂੰ ਇਜ਼ਾਜ਼ਤ ਦੇਣ ਦੀ ਅਪੀਲ

ਭਲਕੇ ਜਨਰਲ ਹਾਊਸ ਮੀਟਿੰਗ ਵਿੱਚ ਇਸ ਮੁੱਦੇ ‘ਤੇ ਫੈਸਲਾ ਲਿਆ ਜਾਵੇ

ਚੰਡੀਗੜ੍ਹ, 26 ਨਵੰਬਰ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜ਼ਾਜ਼ਤ ਹਰ ਚਾਹਵਾਨ ਟੀ.ਵੀ. ਚੈਨਲ ਅਤੇ ਰੇਡੀਓ ਨੂੰ ਦਿੱਤੇ ਜਾਣ ਤਾਂ ਜੋ ਗੁਰਬਾਣੀ ਦੇ ਚਾਨਣ ਕੀਰਤਨ ਰਾਹੀਂ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ।ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਕੱਲ ਕਮੇਟੀ ਦੇ ਹੋ ਰਹੇ ਜਨਰਲ ਅਜਲਾਸ ਵਿਚ ਇਸ ਸਬੰਧੀ ਫੈਸਲਾ ਕਰਨ।

ਅੱਜ ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸਰਬ ਕਲਿਆਣਕਾਰੀ ਸੰਦੇਸ਼ ਦਾ ਪ੍ਰਚਾਰ ਪਸਾਰ ਕਰੇ ਜਿਸ ਦਾ ਇੱਕ ਢੰਗ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੈ।ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਗੁਰਬਾਣੀ ਸਦੀਵੀ ਪ੍ਰਕਾਸ ਹੈ ਜਿਸ ਰਾਹੀਂ ਸਿੱਖ ਗੁਰੂਆਂ ਨੇ ਆਦਰਸ਼ ਮਨੁੱਖ ਅਤੇ ਆਦਰਸ ਸਮਾਜ ਦੀ ਸਿਰਜਣਾ ਦੀ ਰੂਪ-ਰੇਖਾ ਦਿੱਤੀ।

ਉਨ੍ਹਾਂ ਕਿਹਾ ਜਦੋਂ ਵਿਸਵ ਭਰ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਤਾਂ ਇਸ ਸਮੇਂ ਲੋੜ ਹੈ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਵਿਸਵ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਭੇਦ-ਭਾਵ ਦੇ ਆਪਣੇ ਸੰਦੇਸ਼ਾਂ ਦਾ ਪਾਸਾਰ ਕੀਤਾ, ਪਰ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰਣ ਸਿਰਫ ਇੱਕ ਚੈਨਲ ‘ਤੇ ਹੀ ਕਰਨਾ ਗੁਰਬਾਣੀ ਦੀਆਂ ਸਿੱਖਿਆਵਾਂ ਅਤੇ ਭਾਵਨਾ ਦੇ ਵਿਰੁੱਧ ਹੈ।

ਸ੍ਰੀ ਬਾਜਵਾ ਨੇ ਕਿਹਾ ਕਿ 6 ਨਵੰਬਰ ਨੂੰ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਗੁਰਾਂ ਦੇ ਨਾਂ ਉੱਤੇ ਜਿਉਣ ਵਾਲੇ ਪੰਜਾਬ ਦੀ ਵਿਧਾਨ ਸਭਾ ਨੇ ਆਪਣੇ ਵਿਸੇਸ ਇਜਲਾਸ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਚੈਨਲਾਂ ਨੂੰ ਮੁਫਤ ਸਿਗਨਲ ਦੀ ਸਹੂਲਤ ਦੇਣ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਸ਼੍ਰੋਮਣੀ ਕਮੇਟੀ ਨੂੰ ਖੁਦ ਗੁਰਬਾਣੀ ਦੇ ਪ੍ਰਸਾਰਣ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਸ ਸਬੰਧੀ ਇੱਕ ਮਰਿਯਾਦਾ ਤਹਿਤ ਹਰੇਕ ਚੈਨਲ ਨੂੰ ਪ੍ਰਸਾਰਣ ਲਈ ਮੁਫਤ ਸਿਗਨਲ ਦੀ ਸਹੂਲਤ ਦੇਣੀ ਚਾਹੀਦੀ ਹੈ।

ਪੰਚਾਇਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦਾ ਪ੍ਰਸਾਰਣ ਇੱਕ ਨਿਗੂਣੀ ਜਿਹੀ ਰਕਮ ਬਦਲੇ ਸਿਰਫ ਇੱਕ ਚੈਨਲ ਤੱਕ ਸੀਮਤ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।ਉਹਨਾਂ ਆਖਿਆ ਕਿ ਇਹ ਗੁਰਬਾਣੀ ਨੂੰ ਵੇਚਣ ਦੇ ਤੁਲ ਹੈ ਜੋ ਸਿੱਖ ਸਿਧਾਂਤ ਤੇ ਪ੍ਰੰਪਰਾਵਾਂ ਦੇ ਬਿਲਕੁਲ ਉਲਟ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਸਿੱਖ ਗੁਰਦੁਆਰਾ ਐਕਟ, 1925 ਅਧੀਨ ਇੱਕ ਸੰਵਿਧਾਨਕ ਸੰਸਥਾ ਹੈ, ਦੀ ਭਲਕੇ ਜਨਰਲ ਹਾਊਸ ਮੀਟਿੰਗ ਵਿੱਚ ਇਸ ਮੁੱਦੇ ਸਬੰਧੀ ਜਮਹੂਰੀ ਭਾਵਨਾ ਨਾਲ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਲਿਆ ਜਾਣਾ ਚਾਹੀਦਾ ਹੈ ਜੋ ਕਿ ਸਿੱਖ ਧਰਮ ਅਤੇ ਸਿਧਾਂਤ ਦਾ ਮੁੱਢ ਹੈ।

LEAVE A REPLY

Please enter your comment!
Please enter your name here