ਕੁਰਾਲੀ 9 ਦਸੰਬਰ( ਮਾਰਸ਼ਲ ਨਿਊਜ਼) ਤਣਾਅ ਮੁਕਤੀ ਮੰਚ ਕੁਰਾਲੀ ਦੀ ਇਕੱਤਰਤਾ ਹੋਈ । ਜਿਸ ਵਿੱਚ ਪਹਿਲੀ ਵਾਰ ਆਪਣੇ ਸਾਥੀ ਰਣਜੀਤ ਸਿੰਘ ਨਾਲ ਸ਼ਾਮਲ ਹੋਏ ਸੁਖਜੀਤ ਸਿੰਘ ਰਿੰਕਾ ਸਪੁੱਤਰ ਸਵਰਗਵਾਸੀ ਭਾਗ ਸਿੰਘ ਜੀ ਦਾ ਸਵਾਗਤ ਤੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਗਿਆ। ਇਕੱਤਰਤਾ ਵਿੱਚ ਸੀਨੀਅਰ ਕਨਵੀਨਰਾਂ ਸੰਤਵੀਰ ਤੇ ਗੁਰਦੀਪ ਵੜੈਚ ਨੇ ਮੰਚ ਦੇ ਉਦੇਸ਼ਾਂ ਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ । ਡਾ ਰਾਜਿੰਦਰ ਸਿੰਘ ਨੇ ਆਪਣੀ ਪਲੇਠੀ ਸੰਪਾਦਿਤ ਪੁਸਤਕ “ਗਲਪਕਾਰ ਸੰਤਵੀਰ ਦਾ ਰਚਨਾ ਸੰਸਾਰ” ਬਾਰੇ ਦੱਸਿਆ ਕਿ ਇਸ ਵਿਚ ਸੰਤਵੀਰ ਦੀਆਂ ਉਨ੍ਹਾਂ ਰਚਨਾਵਾਂ ਨੂੰ ਸੰਗ੍ਰਹਿ ਕੀਤਾ ਗਿਆ ਹੈ ਜੋ ਕਿ ਅਖ਼ਬਾਰਾਂ ਤੇ ਮੈਗਜ਼ੀਨਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਸੰਤਵੀਰ ਵੱਲੋਂ ਜਿੱਥੇ ਉਕਤ ਪੁਸਤਕ ਨੂੰ ਭੇਂਟ ਕੀਤਾ ਗਿਆ ਉਥੇ ਉਨ੍ਹਾਂ ਵੱਲੋਂ ਨਵਾਂ ਸਾਲ 2022 ਕਿਸੇ ਬਿਰਧ ਆਸ਼ਰਮ ਵਿਚ ਮਨਾਉਣ ਤੇ ਵਿੱਦਿਅਕ ਸਹਾਇਤਾ ਲਈ ਹੋਣਹਾਰ ਲੋੜਵੰਦ ਬੱਚੀਆਂ ਦੀ ਚੋਣ ਮਾਰਚ ਮਹੀਨੇ ਵਿੱਚ ਕਰਨ ਸੰਬੰਧੀ ਦਿੱਤੇ ਸੁਝਾਵਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਸੁੱਚਾ ਸਿੰਘ ਮਸਤਾਨਾ ਨੇ ਆਪਣੀ ਵਿਅੰਗਮਈ ਕਵਿਤਾ ” ਨੀਂ ਤੇਰਾ ਵੀਰ ਠੱਗਾਂ ਦਾ ਸਰਦਾਰ ਨਣਦੇ ” ਦੀ ਪੇਸ਼ਕਾਰੀ ਦੇ ਨਾਲ਼-ਨਾਲ਼ ਤਣਾਅ ਮੁਕਤ ਰਹਿਣ ਦਾ ਸੁਨੇਹਾ ਵੀ ਦਿੱਤਾ। ਕਹਾਣੀਕਾਰ ਸਰੂਪ ਸਿਆਲਵੀ ਨੇ ਕਹਾਣੀ ਲਿਖਣ ਪ੍ਰਕਿਰਿਆ ਸਬੰਧੀ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਰਣਜੀਤ ਸਿੰਘ ਨੇ ਤਣਾਅ ਤੋਂ ਮੁਕਤ ਹੋਣ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਨਵ ਨਿਯੁਕਤ ਕਨਵੀਨਰ ਅਮਨ ਆਜ਼ਾਦ ਵਿਸਮਾਦ ਨੇ ਕਵਿਤਾ “ਦਿਲ ਦਾ ਨੀ ਮਾੜਾ” ਸੁਣਾਈ। ਸੁਖਜੀਤ ਸਿੰਘ ਰਿੰਕਾ ਨੇ ਮੰਚ ਦੀ ਕਾਰਵਾਈ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਨਿਯਮਤ ਤੌਰ ਤੇ ਸ਼ਾਮਲ ਹੋਣ ਦਾ ਭਰੋਸਾ ਦਿੰਦਿਆਂ ਸਭ ਦਾ ਧੰਨਵਾਦ ਕੀਤਾ। ਬੀਤੇ ਦਿਨੀਂ ਵਿੱਛੜੇ ਸਾਹਿਤਕਾਰ ਸ੍ਰੀ ਗੁਰਨਾਮ ਸਿੰਘ ਮੁਕਤਸਰ, ਗੁਰਦੇਵ ਸਿੰਘ ਰੁਪਾਣਾ ਤੇ ਮਨੁੱਖਤਾ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਦਿਆਂ ਸ਼ਹੀਦ ਹੋਏ ਯੋਧਿਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦੇ ਕੇ ਸਭਾ ਉਠਾ ਦਿੱਤੀ ਗਈ ।