ਟੀ.ਬੀ. ਦੀ ਜਲਦ ਪਛਾਣ ਇਸਦੇ ਖਾਤਮੇ ਦਾ ਇਕੋ ਇਕੋ ਹੱਲ: ਬਲਬੀਰ ਸਿੰਘ ਸਿੱਧੂ

‘ਐਕਟਿਵ ਕੇਸ ਫਾਈਂਡਿੰਗ ਮੁਹਿੰਮ’ ਤਹਿਤ 302 ਟੀ.ਬੀ. ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ

ਸੂਬਾ ਸਰਕਾਰ ਵਲੋਂ ਟੀ.ਬੀ. ਦੇ ਮਰੀਜ਼ਾਂ ਦੇ ਮੁਫਤ ਐਕਸ-ਰੇ, ਥੁੱਕ ਦੀ ਜਾਂਚ ਅਤੇ ਇਲਾਜ ਦੀ ਸਹੂਲਤ

ਟੀ.ਬੀ. ਰੋਗ (ਤਪਦਿਕ ਰੋਗ) ਦੇ ਖਾਤਮੇ ਦਾ ਇਕੋ ਇਕੋ ਹੱਲ ਹੈ ਕਿ ਇਸ ਦੀ ਜਲ਼ਦ ਪਛਾਣ ਕਰਕੇ ਮਰੀਜ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ। ਸੂਬੇ ਭਰ ਵਿਚ ਟੀ.ਬੀ. ਦੀ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਪ੍ਰਦਾਨ ਕਰਨ ਲਈ, ਸਿਹਤ ਵਿਭਾਗ ਵੱਲੋਂ ਜ਼ਿਆਦਾ ਵਰਕਲੋਡ ਵਾਲੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ 29 ਸੀ.ਬੀ.-ਐਨ.ਏ.ਏ.ਟੀ. (ਨਾਟ) ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਅਤਿ ਆਧੁਨਿਕ ਮਸ਼ੀਨ ਵਿਚ ਮਹਿਜ਼ 2 ਘੰਟੇ ਦੇ ਸਮੇਂ ਅੰਦਰ ਹੀ ਟੀ.ਬੀ. ਦਾ ਪਤਾ ਲਗਾਉਣ ਦੀ ਸਮਰੱਥਾ ਹੈ ਅਤੇ ਇਹ ਐਂਟੀ ਟੀ.ਬੀ. ਡਰੱਗ ਪ੍ਰਤੀ ਰੋਧਕ ਹੋਣ ਦਾ ਪਤਾ ਵੀ ਲਗਾਉਂਦੀ ਹੈ। ਉਕਤ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕੀਤਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 2025 ਤੱਕ ਪੰਜਾਬ ਨੂੰ ਟੀ.ਬੀ. ਮੁਕਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਟੀ.ਬੀ. ਤੋਂ ਪ੍ਰਭਾਵਤ ਅਣਜਾਣ ਮਰੀਜਾਂ ਦਾ ਪਤਾ ਲਗਾਉਣ ਲਈ ਇਕ ਨਵੀਂ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਮਰੀਜਾਂ ਨੂੰ ਮੁੱਢਲੇ ਪੜਾਅ ‘ਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸੀ.ਬੀ.-ਐਨ.ਏ.ਏ.ਟੀ. (ਨਾਟ) ਮਸ਼ੀਨਾਂ ਟੀ.ਬੀ. ਦੇ ਮਰੀਜਾਂ ਦੇ ਇਲਾਜ ਲਈ ਕਾਫੀ ਸਹਾਇਕ ਸਿੱਧ ਹੋ ਰਹੀਆਂ ਹਨ ਅਤੇ ਸਾਲ 2019 ਦੌਰਾਨ ਸਫਲ ਇਲਾਜ ਲਈ ਇਹਨਾਂ ਮਸ਼ੀਨਾਂ ਨਾਲ 22,272 ਸ਼ੱਕੀ ਮਰੀਜਾਂ ਦਾ ਟੈਸਟ ਕੀਤਾ ਗਿਆ।
ਸ. ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਟੀ.ਬੀ. ਮਰੀਜਾਂ ਦੀ 89 ਫੀਸਦੀ ਉੱਚਤਮ ਇਲਾਜ ਦਰ ਹੋਣ ਦੇ ਬਾਵਜੂਦ, ਸੂਬਾ ਸਰਕਾਰ ਵੱਲੋਂ ਇਸ ਰੋਗ ਦੇ ਖਾਤਮੇ ਲਈ ਕਈ ਉਪਰਾਲੇ ਕੀਤੇ ਗਏ ਹਨ ਅਤੇ ਇਹਨਾਂ ਉਪਰਾਲਿਆਂ ਵਿਚ ਉਚ ਜੋਖ਼ਮ ਵਾਲੇ ਖੇਤਰਾਂ ਵਿਚ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਪਛਾਣ ਲਈ ‘ਐਕਟਿਵ ਕੇਸ ਫਾਈਂਡਿੰਗ ਮੁਹਿੰਮ’ ਚਲਾਉਣਾ ਵੀ ਸ਼ਾਮਲ ਹੈ । ਉਹਨਾਂ ਕਿਹਾ ਕਿ ਇਸ ਰੋਗ ਦੇ ਫੈਲਾਅ ਨੂੰ ਰੋਕਣ ਲਈ, ਸਤੰਬਰ 2019 ਵਿਚ’ਐਕਟਿਵ ਕੇਸ ਫਾਈਂਡਿੰਗ ਮੁਹਿੰਮ’ ਚਲਾਈ ਗਈ ਜਿਸ ਤਹਿਤ 27,55,189 ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਜਿਹਨਾਂ ਵਿੱਚੋਂ 302 ਮਰੀਜ਼ ਟੀ.ਬੀ. ਰੋਗ ਤੋਂ ਪੀੜਤ ਪਾਏ ਗਏ। ਇਸ ਮੁਹਿੰਮ ਤਹਿਤ ਸਿਹਤ ਕਰਮਚਾਰੀ ਟੀ.ਬੀ. ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਲਈ ਸ਼ਹਿਰਾਂ ਅਤੇ ਪਿੰਡਾਂ ਦੇ ਉਚ ਜੋਖ਼ਮ ਵਾਲੇ ਖੇਤਰਾਂ ਵਿਚ ਗਏ। ਉਹਨਾਂ ਕਿਹਾ ਕਿ ਟੀ.ਬੀ. ਦੇ ਲੱਛਣਾਂ ਦਾ ਪਤਾ ਲਗਾਉਣ ਤੋਂ ਬਾਅਦ, ਮਰੀਜ਼ਾਂ ਨੂੰ ਛਾਤੀ ਦੇ ਐਕਸ-ਰੇ, ਥੁੱਕ ਦੀ ਜਾਂਚ ਅਤੇ ਇਲਾਜ ਸਬੰਧੀ ਮੁਫਤ ਜਾਂਚ ਲਈ ਨਜ਼ਦੀਕੀ ਸਿਹਤ ਕੇਂਦਰ ਵਿੱਚ ਭੇਜਿਆ ਗਿਆ।
ਮੰਤਰੀ ਨੇ ਕਿਹਾ ਕਿ ਟੀ.ਬੀ. ਇੱਕ ਛੂਤ ਦੀ ਬਿਮਾਰੀ ਹੈ ਅਤੇ ਬਜ਼ੁਰਗਾਂ, ਕੁਪੋਸ਼ਿਤ ਬੱਚਿਆਂ ਅਤੇ ਨੌਜਵਾਨਾਂ ਵਿਚ ਅਸਾਨੀ ਨਾਲ ਫੈਲਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ, ਤੰਦਰੁਸਤ ਵਿਅਕਤੀ ਵੀ ਟੀ.ਬੀ. ਰੋਗ ਨਾਲ ਜੂਝ ਰਹੇ ਹਨ ਜਿਹਨਾਂ ਨੇ ਪਤਾ ਹੁੰਦੇ ਹੋਏ ਵੀ ਲੰਮੇ ਸਮੇਂ ਤੋਂ ਹੋਈ ਖੰਘ ਦਾ ਇਲਾਜ ਨਹੀਂ ਕਰਵਾਇਆ ਅਤੇ ਅੰਤ ਵਿੱਚ ਉਹ ਵੀ ਟੀ.ਬੀ. ਰੋਗ ਦੀ ਗੰਭੀਰ ਅਵਸਥਾ ਤੋਂ ਪੀੜਤ ਪਾਏ ਗਏ। ਉਹਨਾਂ ਕਿਹਾ ਕਿ ਸਾਵਧਾਨੀ ਅਤੇ ਪ੍ਰੋਟੀਨ ਯੁਕਤ ਪੌਸ਼ਟਿਕ ਆਹਾਰ ਸਾਡੇ ਸਰੀਰ ਨੂੰ ਕੁਦਰਤੀ ਤੌਰ ‘ਤੇ ਤਾਕਤਵਰ ਬਣਾਉਂਦੇ ਹਨ ਅਤੇ ਸਾਡੇ ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੇ ਹਨ।
ਉਹਨਾਂ ਇਹ ਵੀ ਕਿਹਾ ਕਿ ਡੀ.ਓ.ਟੀ. ਸੈਂਟਰਾਂ ਵਿਖੇ ਪਛਾਣ ਨਾ ਕੀਤੇ ਗਏ ਟੀ.ਬੀ. ਮਰੀਜਾਂ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ, ਇੱਕ ਕਾਰਗਰ ਵਿਧੀ ਹੈ ਅਤੇ ਇਸ ਦੀ ਵਰਤੋਂ ਨਾਲ ਯਕੀਨਨ ਤੌਰ ‘ਤੇ ਸੂਬੇ ਨੂੰ ਟੀ.ਬੀ. ਮੁਕਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here