ਨਗਲੀਆਂ ਚ ਮੂੰਗਫਲੀ ਦੀ ਕਿਸਮ SG99 ਦਾ ਟਰਾਇਲ

ਕੁਰਾਲੀ 18ਜੂਨ(ਮਾਰਸ਼ਲ ਨਿਊਜ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਵਲੋਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਫਸਲ ਤੋਂ ਰਕਬਾ ਘਟਾ ਕੇ ਮੱਕੀ, ਦਾਲਾਂ ਅਤੇ ਤੇਲ ਬੀਜ ਫਸਲਾਂ ਹੇਠ ਲਿਆਉਣ ਲਈ ਕਿਸਾਨਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਵਲੋਂ ਵੱਖ ਵੱਖ ਫਸਲਾਂ ਦੇ ਟਰਾਇਲ ਕੀਤੇ ਜਾ ਰਹੇ ਹਨ ਤਾਂ ਜੋ ਝੋਨੇ ਦੀ ਫਸਲ ਦਾ ਬੱਦਲ ਲੱਭਿਆ ਜਾ ਸਕੇ ਜਿਸ ਨਾਲ ਕਿਸਾਨਾਂ ਦੀ ਆਮਦਨ ਝੋਨੇ ਦੀ ਫਸਲ ਜਿੰਨੀ ਹੋਵੇ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਵੀ ਰਹੇ। ਇਹ ਕੋਸ਼ਿਸ਼ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਐਸ ਏ ਐਸ ਨਗਰ ਨੇ ਕੰਢੀ ਖੇਤਰ ਵਿੱਚ ਪਾਣੀ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਆਤਮਾ ਸਕੀਮ ਅਧੀਨ ਮੂੰਗਫਲੀ ਦੀ ਫਸਲ ਦਾ ਟਰਾਇਲ ਆਪਣੀ ਨਿਗਰਾਨੀ ਹੇਠ ਬਿਜਾਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਇਸ ਕੰਢੀ ਖੇਤਰ ਵਿੱਚ ਕਿਸਾਨ ਮੂੰਗਫਲੀ ਦੀ ਬਿਜਾਈ ਕਰਦੇ ਸਨ ਪਰ ਹੁਣ ਨਹੀਂ ਕਰਦੇ ਇਸੇ ਲਈ ਪਿੰਡ ਨੰਗਲੀਆ ਵਿਖੇ ਸ੍ਰੀ ਜਗਤਾਰ ਸਿੰਘ ਦੇ ਖੇਤ ਵਿਚ ਮੂੰਗਫਲੀ ਕਿਸਮ ਐਸ ਜੀ 99 ਦਾ ਅੱਧੇ ਏਕੜ ਦਾ ਟਰਾਇਲ ਬਿਜਵਾਇਆ ਜਾ ਰਿਹਾ ਹੈ। ਤਾਂ ਜੋ ਕਿਸਾਨ ਇਸ ਨੂੰ ਵੇਖ ਕੇ ਇਸ ਪਾਸੇ ਵੱਲ ਆਉਣ। ਉਨ੍ਹਾਂ ਕਿਹਾ ਕਿ ਬਰਾਨੀ ਹਾਲਤਾਂ ਵਿੱਚ ਮੂੰਗਫਲੀ ਦੀ ਬਿਜਾਈ ਜੂਨ ਦੇ ਅਖੀਰਲੇ ਹਫਤੇ ਤੋਂ ਬਾਰਿਸ਼ ਪੈਣ ਤੇ ਕੀਤੀ ਜਾਵੇ। ਮੂੰਗਫਲੀ ਦੇ ਬੀਜ ਨੂੰ ਗਿੱਚੀ ਗਲਣ ਰੋਗ ਤੋਂ ਬਚਾਉਣ ਲਈ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਨਾਲ ਸੋਧ ਲਉ।ਬਿਜਾਈ ਸਮੇਂ 50 ਕਿੱਲੋ ਸਿੰਗਲ ਸੁਪਰਫਾਸਫੇਟ, 50 ਕਿਲੋ ਜਿਪਸਮ ਅਤੇ 13 ਕਿਲੋ ਯੂਰੀਆ ਪ੍ਤੀ ਏਕੜ ਦੇ ਹਿਸਾਬ ਨਾਲ ਪਾ ਦਿਉ।ਇਹ ਫਸਲ ਤਕਰੀਬਨ 120 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ ਲਗਭਗ 10 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਇਸ ਫਸਲ ਨੂੰ ਮੌਸਮੀ ਵਰਖਾ ਅਨੁਸਾਰ 2 ਜਾਂ 3 ਪਾਣੀ ਜਰੂਰੀ ਹਨ।ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਬਲਾਕ ਮਾਜਰੀ ਵਿੱਚ ਇਸ ਤਰ੍ਹਾਂ ਦੇ 5 ਟਰਾਇਲ ਕੀਤੇ ਜਾ ਰਹੇ ਹਨ।ਇਸ ਦੀ ਬਿਜਾਈ ਸਮੇਂ ਗੁਰਚਰਨ ਸਿੰਘ ਟੈਕਨੀਸ਼ੀਅਨ, ਕੁਲਦੀਪ ਸਿੰਘ ਏ ਐਸ ਆਈ ਗੁਰਪ੍ਰੀਤ ਸਿੰਘ ਬੀ ਟੀ ਐਮ , ਜਸਵੰਤ ਸਿੰਘ ਏ ਟੀ ਐਮ ਅਤੇ ਕਿਸਾਨ ਮੌਕੇ ਤੇ ਹਾਜਰ ਸਨ।