ਮਾਜਰੀ 4ਅਕਤੂਬਰ ( ਰਣਜੀਤ ਸਿੰਘ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਮਾਜਰੀ ਦੀ ਟੀਮ ਵਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਮਸ਼ੀਨਰੀ ਰਾਹੀਂ ਖੇਤਾਂ ਵਿੱਚ ਮਿਲਾਉਣ ਲਈ ਸ੍ਰੀ ਅਨਿਰੁੱਧ ਤਿਵਾਰੀ ਵਧੀਕ ਮੁੱਖ ਸਕੱਤਰ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਜੀ ਦੀ ਅਗਵਾਈ ਹੇਠ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਰਾਹੀਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪਿੰਡ ਗੁੰਨੋਮਾਜਰਾ ਵਿਖੇ ਇਕ ਸੈਲਫ ਹੈਲਪ ਗਰੁੱਪ ਵੱਲੋਂ ਸਰਕਾਰ ਤੋਂ ਮਸ਼ੀਨਰੀ ਖ੍ਰੀਦ ਕੇ ਇਕ ਕਸਟਮ ਹਾਈਰਿੰਗ ਸੈਂਟਰ ਬਣਾਇਆ ਗਿਆ ਹੈ। ਜੋ ਝੋਨੇ ਦੀ ਨਾੜ ਅਤੇ ਰਹਿੰਦ ਖੂੰਹਦ ਨੂੰ ਮਸ਼ੀਨਾਂ ਰਾਹੀਂ ਜਮੀਨ ਵਿੱਚ ਹੀ ਮਿਲਾਉਂਦੇ ਹਨ। ਇਸ ਗਰੁੱਪ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2018 ਵਿੱਚ ਸਰਕਾਰ ਤੋਂ ਸਮੈਮ ਸਕੀਮ ਅਧੀਨ 9 ਕਿਸਾਨਾਂ ਨੂੰ ਨਾਲ ਲੈ ਕੇ ਕਿਸਾਨ ਨੌਜਵਾਨ ਕਲੱਬ ਪਿੰਡ ਗੁੰਨੋਮਾਜਰਾ ਦੇ ਨਾਮ ਤੇ ਕਸਟਮ ਹਾਇਰਿੰਗ ਸੈਂਟਰ ਬਣਾਇਆ ਗਿਆ ਸੀ। ਇਸ ਗਰੁੱਪ ਦੇ ਮੈਂਬਰਾਂ ਵੱਲੋਂ ਪਰਾਲੀ ਸਾਂਭਣ ਵਾਲੀਆਂ 5 ਮਸ਼ੀਨਾਂ ਦੀ ਖਰੀਦ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਮਲਚਰ,ਹੈਪੀਸੀਡਰ ਡਰਿੱਲ ,ਰਿਵਰਸੀਬਲ ਐਮ.ਬੀ.ਪਲਾਉ ਅਤੇ ਦੋ ਰੋਟਾਵੇਟਰ ਆਦਿ ਸੰਦ ਮੁੱਖ ਤੋਰ ਤੇ ਖਰੀਦੇ ਗਏ ਸਨ।ਇਸ ਮੌਕੇ ਗਰੁੱਪ ਦੇ ਸਹਿਯੋਗੀ ਕਿਸਾਨਾਂ ਦਾ ਕਹਿਣਾ ਸੀ ਕਿ ਸਾਡੇ ਗਰੁੱਪ ਦਾ ਉਦੇਸ਼ ਇੰਨਾਂ ਮਸ਼ੀਨਾਂ ਨਾਲ ਆਪਣੇ ਖੇਤਾਂ ਵਿੱਚ ਪਰਾਲੀ ਦੀ ਸਾਂਭ-ਸੰਭਾਲ ਕਰਨਾ ਅਤੇ ਲੋੜਵੰਦ ਕਿਸਾਨਾਂ ਨੂੰ ਇਹ ਸੰਦ ਵਾਜਬ ਮੁੱਲ ਤੇ ਕਿਰਾਏ ਤੇ ਦੇਣਾ ਹੈ।ਇਸ ਮੌਕੇ ਗਰੁੱਪ ਦੇ ਮੈਂਬਰਾਂ ਨੇ ਦੱਸਿਆ ਕਿ ਸਾਲ 2018 ਤੋਂ ਲੈ ਕੇ ਹੁਣ ਤੱਕ ਇਸ ਗਰੁੱਪ ਦੇ ਮੈਂਬਰਾਂ ਵੱਲੋਂ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਗਈ ਸਗੋਂ ਵੱਖ ਵੱਖ ਤਕਨੀਕਾਂ ਅਪਣਾਕੇ ਖੇਤਾਂ ਵਿੱਚ ਹੀ ਮਿਲਿਆ ਗਿਆ ਹੈ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ। ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਬਲਾਕ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਝੋਨੇ ਦੀ ਪਰਾਲੀ/ਰਹਿੰਦ ਖੂੰਹਦ ਨੂੰ ਸਾੜਨ ਨਾਲ ਵਾਤਾਵਰਣ ਵਿੱਚ ਧੂੰਆ-ਧੂੰਆ ਹੋ ਜਾਵੇਗਾ ਜੋ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਹੈ।ਬਜੁਰਗਾਂ ਅਤੇ ਬੱਚਿਆ ਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਆਉਦੀ ਹੈ ਜਿਸ ਨਾਲ ਕਰੋਨਾ ਦੇ ਸੰਕਰਮਣ ਦਾ ਖਤਰਾ ਵੱਧ ਸਕਦਾ ਹੈ।ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਨ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਸਾਰੇ ਪਿੰਡ ਦੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਕਹਿਣਗੇ। ਇਸ ਮੌਕੇ ਭਾਗ ਸਿੰਘ ਪੰਚ, ਗਰੁੱਪ ਦੇ ਮੈਂਬਰ ਜਰਨੈਲ ਸਿੰਘ, ਅਮਰੀਕ ਸਿੰਘ, ਦੀਦਾਰ ਸਿੰਘ ਅਤੇ ਕਿਸਾਨ ਹਾਜਰ ਸਨl