ਮਾਜਰੀ 6ਜੁਲਾਈ (ਮਾਰਸ਼ਲ ਨਿਊਜ਼) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਰੋਨਾ ਬਿਮਾਰੀ “ਦੇ ਚਲਦਿਆਂ ਲੇਬਰ ਦੀ ਕਮੀ ਹੋਣ ਕਰਕੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਕੇ ਉਪਰਾਲੇ ਕੀਤੇ ਗਏ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਇਸ ਸਬੰਧੀ ਖੇਤੀਬਾੜੀ ਸਕੱਤਰ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਜੀ ਵਲੋ ਦਿਸ਼ਾ ਨਿਰਦੇਸ਼ਾ ਦਿੱਤੇ ਗਏ ਸਨ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾਵੇ।ਇਸ ਸਬੰਧੀ ਬਲਾਕ ਮਾਜਰੀ ਦੀ ਟੀਮ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਵੱਟਾ ਤੇ ਬਿਜਾਈ ਦੇ ਖੇਤਾਂ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਪਿੰਡ ਬਾਸੇਪੁਰ ਰਾਜਿੰਦਰ ਸਿੰਘ ਦੇ ਫਾਰਮ ਉੱਤੇ ਕਿਸਾਨਾਂ ਨੂੰ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਕਿਤੇ-ਕਿਤੇ ਹਲਕਾ ਮੀਂਹ/ਛਿੱਟੇ ਪੈਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਿਸਾਨ ਕੀੜੇ -ਮਕੌੜਿਆਂ/ਬਿਮਾਰੀਆਂ ਦੇ ਪ੍ਰਬੰਧਨ ਲਈ ਸਾਫ ਮੌਸਮ ਦੌਰਾਨ ਹੀ ਸਪਰੇਅ ਕਰਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਝੋਨੇ ਦੀ ਫ਼ਸਲ ਵਿੱਚ ਕੀੜੇ/ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਅਗਸਤ ਮਹੀਨੇ ਤੋਂ ਅਕਤੂਬਰ ਮਹੀਨੇ ਤੱਕ ਜਿਆਦਾ ਹੁੰਦਾ ਹੈ ਇਸ ਲਈ ਇਨ੍ਹਾਂ ਦੇ ਹਮਲੇ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਚੌਕਸ ਰਹਿਣਾ ਪਵੇਗਾ ਅਤੇ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਪਵੇਗਾ। ਹੁਣ ਇਸ ਸਮੇਂ ਝੋਨੇ ਦੀ ਫਸਲ ਤੇ ਤਣੇ ਦੇ ਗੜੂੰਏ,ਪੱਤਾ ਲਪੇਟ ਸੁੰਡੀ ਅਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਦੀ ਬਿਮਾਰੀ ਵਗੈਰਾ ਦਾ ਹਮਲਾ ਹੋ ਸਕਦਾ ਹੈ ਇਸ ਲਈ ਆਪਣੇ ਖੇਤਾਂ ਦੇ ਕਿਨਾਰਿਆਂ ਨੂੰ ਸਾਫ ਰੱਖਿਆ ਜਾਵੇ। ਅਗਰ ਫਸਲ ਤੇ ਕੋਈ ਕੀੜੇ/ਬਿਮਾਰੀ ਦਾ ਹਮਲਾ ਨਜਰ ਆਵੇ ਤਾਂ ਪਹਿਚਾਣ ਕਰਕੇ ਲੋੜ ਅਨੁਸਾਰ ਹੀ ਕੀਟਨਾਸ਼ਕ/ ਉਲੀਨਾਸ਼ਕ ਦਵਾਈ ਦੀ ਸਪਰੇਅ ਕੀਤੀ ਜਾਵੇ । ਇਸ ਮੌਕੇ ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਦੇਖੋ ਦੇਖੀ ਜਾਂ ਦੁਕਾਨਦਾਰਾਂ ਦੇ ਕਹਿਣ ਤੇ ਆਪਣੀ ਫਸਲ ਤੇ ਲੋੜ ਤੋਂ ਵੱਧ ਦਵਾਈਆਂ/ਖਾਦਾਂ ਦੀ ਵਰਤੋਂ ਨਾ ਕਰਨ ਕਿਉਂ ਕਿ ਇਸ ਤਰ੍ਹਾਂ ਕਰਨ ਨਾਲ ਕੀੜੇ/ਬਿਮਾਰੀਆਂ ਦਾ ਹਮਲਾ ਜਿਆਦਾ ਹੁੰਦਾ ਹੈ ਇਸ ਲਈ ਅਗਰ ਕੋਈ ਕੀੜੇ/ਬਿਮਾਰੀ ਦਾ ਹਮਲਾ ਫਸਲ ਤੇ ਲੱਗੇ ਤਾਂ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਜਾਂ ਫਸਲ ਤੇ ਹੋਏ ਹਮਲੇ ਦੀ ਫੋਟੋ ਉਤਾਰ ਕੇ ਵਿਭਾਗ ਦੇ ਕਿਸੇ ਵੀ ਮੁਲਾਜਮ ਦੇ ਵੈਟਸਅਪ ਗਰੁੱਪ ਵਿੱਚ ਪਾਈ ਜਾਵੇ ਤਾਂ ਜੋ ਇਸ ਬਾਰੇ ਤਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਵਿਭਾਗ ਦੇ ਗੁਰਚਰਨ ਸਿੰਘ ਟੈਕਨੀਸ਼ੀਅਨ, ਕੁਲਦੀਪ ਸਿੰਘ, ਸੁਖਦੇਵ ਸਿੰਘ ਏ ਐਸ ਆਈ ਅਤੇ ਕਿਸਾਨ ਹਾਜਰ ਸਨ।