ਬਠਿੰਡਾ, 26 ਅਕਤੂਬਰ
ਮਾਰਸ਼ਲ ਨਿਊਜ਼


ਇਥੇ ਇਕ ਖਾਣਾ ਡਲੀਵਰ ਕਰਨ ਵਾਲੀ ਇਕ ਕੰਪਨੀ ਜ਼ੋਮੈਟੋ ਦੇ ਬੈਗ ’ਚ ਨਸ਼ਾ ਸਪਲਾਈ ਕਰਨ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ| ਉਸ ਦੇ ਬੈਗ ਵਿਚੋਂ ਸਾਢੇ 14 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਸਪੈਸ਼ਲ ਟਾਸਕ ਫੋਰਸ ਦੇ ਏ. ਆਈ. ਜੀ. ਤੇਜਿੰਦਰ ਸਿੰਘ ਮੌਡ਼ ਦੀ ਅਗਵਾਈ ’ਚ ਫੋਰਸ ਦੇ ਇੰਚਾਰਜ ਥਾਣੇਦਾਰ ਸੁਰਜੀਤ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਹਰਪ੍ਰੀਤ ਸਿੰਘ ਉਰਫ ਸਿਮਰਨ ਵਾਸੀ ਜਨਤਾ ਨਗਰ ਕਾਫੀ ਲੰਬੇ ਸਮੇਂ ਤੋਂ ਨਸ਼ੇ ਵਾਲੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈ। ਉਹ ਮੁਹੱਲੇ ’ਚ ਮੋਬਾਇਲ ਫੋਨ ਰਿਪੇਅਰ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸ ਦੀ ਆੜ ’ਚ ਨਸ਼ਾ ਵੇਚਦਾ ਹੈ। ਇਸ ਦੇ ਨਾਲ ਹੀ ਉਹ ਜ਼ੋਮੈਟੋ ਦੇ ਬੈਗ ’ਚ ਨਸ਼ਾ ਸਪਲਾਈ ਕਰਨ ਜਾਂਦਾ ਹੈ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਪੁਲਸ ਨੇ ਜਾਣਕਾਰੀ ਦੇ ਆਧਾਰ ’ਤੇ ਛਾਪੇਮਾਰੀ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਤੋਂ ਸਾਢੇ 14 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਨੂੰ ਰਿਮਾਂਡ ’ਤੇ ਲਿਆ ਜਾਵੇਗਾ।
ਪੁੱਛਗਿਛ ਦੌਰਾਨ ਦੋਸ਼ੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਇਕ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਮੁਕਤਸਰ ਤੋਂ ਪੱਪੂ ਨਾਂ ਦੇ ਵਿਅਕਤੀ ਤੋਂ ਨਸ਼ੇ ਦੀਆਂ ਗੋਲੀਆਂ ਲੈ ਕੇ ਆਉਂਦਾ ਸੀ।