ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਤਸਕਰਾਂ ‘ਤੇ ਕੱਸਿਆ ਸ਼ਿਕੰਜਾ, ਕੀਤੇ ਕਾਬੂ
50000 ਲੀਟਰ ਨਾਜਾਇਜ਼ ਸ਼ਰਾਬ ਕੀਤੀ ਜ਼ਬਤ
ਐਸ ਏ ਐਸ ਨਗਰ FC/ਖਰੜ, 21 ਮਈ:
ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਨੀਤੀ ਦੇ ਹਿੱਸੇ ਵਜੋਂ ਐਸ.ਡੀ.ਐਮ ਖਰੜ ਹਿਮਾਂਸ਼ੂ ਜੈਨ ਅਤੇ ਏ.ਆਈ.ਜੀ ਐਕਸਾਈਜ਼ ਜੀ.ਐ.ਸ ਧਨੋਆ ਅਤੇ ਪੁਲਿਸ ਦੀ ਅਗਵਾਈ ਵਿੱਚ ਇੱਕ ਟੀਮ ਨੇ ਦੇਰ ਰਾਤ ਇੱਕ ਲੋੜੀਂਦੇ ਸ਼ਰਾਬ ਤਸਕਰ ਨੂੰ ਕਾਬੂ ਕੀਤਾ ਅਤੇ 50000 ਲੀਟਰ ਤੋਂ ਵੱਧ ਨਾਜਾਇਜ਼ ਸ਼ਰਾਬ ਜ਼ਬਤ ਕੀਤੀ।
ਵੇਰਵੇ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਵੇਰੇ ਤਕਰੀਬਨ 1 ਵਜੇ ਇੱਕ ਟੀਮ ਨੇ ਖਾਸ ਜਾਣਕਾਰੀ ’ਤੇ ਕਾਰਵਾਈ ਕੀਤੀ ਅਤੇ ਸ਼ਰਾਬ ਤਸਕਰਾਂ ਦਾ ਪਿੱਛਾ ਕੀਤਾ, ਜੋ ਟੈਂਕਰ ਵਿਚ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੇ ਸਨ।
ਉਸ ਜਗ੍ਹਾ ਦਾ ਮਾਲਕ, ਜੋ ਕਾਲੇ ਰੰਗ ਦੀ ਫਾਰਚੂਨਰ ਕਾਰ ਵਿਚ ਘੁੰਮ ਰਿਹਾ ਸੀ ਅਤੇ ਉਸ ਜਗ੍ਹਾ ‘ਤੇ ਕਈ ਚੱਕਰ ਲਗਾ ਰਿਹਾ ਸੀ, ਨੂੰ ਵੀ ਕਾਬੂ ਕਰ ਲਿਆ ਗਿਆ।
ਕਾਲੇ ਰੰਗ ਦੀ ਫਾਰਚੂਨਰ ਕਾਰ ਦੇ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਟੀਮ ਨੂੰ ਧਮਕੀ ਦਿੱਤੀ ਪਰ ਛਾਪੇ ਮਾਰਨ ਵਾਲੀ ਟੀਮ ਦੇ ਮੈਂਬਰਾਂ ਨੇ ਮਿਸਾਲੀ ਹਿੰਮਤ ਦਿਖਾਈ ਅਤੇ ਦੋ ਟੈਂਕਰ ਅਤੇ ਨਾਲ ਜਾ ਰਹੀ ਗੱਡੀ ਨੂੰ ਰੰਗੇ ਹੱਥੀਂ ਫੜ ਲਿਆ।
ਮੁੱਖ ਮੁਲਜ਼ਮ, ਉਸ ਦੇ ਸਾਥੀ ਅਤੇ 2 ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸ਼ਰਾਬ ਚੋਰੀ ਕਰਨ ਲਈ ਵਰਤੇ ਜਾਣ ਵਾਲੇ ਔਜ਼ਾਰਾਂ ਸਮੇਤ ਵਾਹਨਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਲਈ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਗ੍ਰਿਫਤਾਰ ਕੀਤਾ ਗਿਆ ਦੋਸ਼ੀ ਪੁਲਿਸ ਵੱਲੋਂ ਵੱਖ ਵੱਖ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਪਾਇਆ ਗਿਆ।