ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 3900 ਮੀਟਰਕ ਟਨ ਕਣਕ ਦੀ ਆਮਦ
2700 ਮੀਟਰਕ ਟਨ ਕਣਕ ਦੀ ਖ਼ਰੀਦ; ਮੰਡੀਆਂ ਵਿੱਚ ਹੱਥ ਧੋਣ ਤੇ ਸੈਨੇਟਾਈਜ਼ੇਸ਼ਨ ਦੇ ਢੁੱਕਵੇਂ ਪ੍ਰਬੰਧ

ਫ਼ਤਹਗਿੜ੍ਹ ਸਾਹਿਬ, 19 ਅਪ੍ਰੈਲ : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ ਤੇ ਖ਼ਰੀਦ ਪ੍ਰਕਿਰਿਆ ਚੰਗੇ ਢੰਗ ਨਾਲ ਚੱਲ ਰਹੀ ਹੈ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਲਕਾ ਫ਼ਤਹਿਗੜ੍ਹ ਸਮੇਤ ਪੂਰੇ ਜਿ਼ਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਰੀਬ 3900 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਕਰੀਬ 2700 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਖਰੀਦੀ ਕਣਕ ਵਿੱਚੋਂ ਪਨਗ੍ਰੇਨ ਵੱਲੋਂ ਕਰੀਬ 250 ਮੀਟ੍ਰਿਕ ਟਨ, ਮਾਰਕਫੈਡ ਵੱਲੋਂ ਕਰੀਬ 1100 ਮੀਟ੍ਰਿਕ ਟਨ, ਪਨਸਪ ਵੱਲੋਂ ਕਰੀਬ 450 ਮੀਟ੍ਰਿਕ ਟਨ ਅਤੇ ਵੇਅਰ ਹਾਊਸ ਵੱਲੋਂ ਕਰੀਬ 700 ਮੀਟ੍ਰਿਕ ਟਨ ਤੇ ਐਫ.ਸੀ.ਆਈ. ਵੱਲੋਂ 195 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। 
ਸ. ਨਾਗਰਾ ਨੇ ਦੱਸਿਆ ਕਿ ਚਨਾਰਥਲ ਅਨਾਜ ਮੰਡੀ ਤੇ ਸਰਹਿੰਦ ਅਨਾਜ ਮੰਡੀ ਵਿੱਚ ਵੀ ਅੱਜ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਚਨਾਰਥਲ ਅਨਾਜ ਮੰਡੀ ਵਿੱਚ ਪਹਿਲੇ ਦਿਨ ਕਣਕ ਲੈ ਕੇ ਪੁੱਜੇ ਪਿੰਡ ਚਨਾਰਥਲ ਕਲਾਂ ਦੇ ਕਿਸਾਨ ਸਵਰਨਦੀਪ ਸਿੰਘ ਦਾ ਮਾਰਕਿਟ ਕਮੇਟੀ ਦੇ ਅਹੁਦੇਦਾਰਾਂ ਤੇ ਆੜ੍ਹਤੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਸਵਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਵਿੱਚ ਵੀ ਬਹੁਤ ਹੀ ਮਿਹਨਤ ਨਾਲ ਕਣਕ ਦੀ ਖ਼ਰੀਦ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆ ਰਹੀ। ਇਸੇ ਤਰ੍ਹਾਂ ਸਰਹਿੰਦ ਮੰਡੀ ‌ਵਿੱਚ ਕਣਕ ਲੈ ਕੇ ਪੁੱਜੇ ਨਿਆਮਤ ਪਾਲ ਸਿੰਘ ਵਾਸੀ ਪਿੰਡ ਬੀਬੀਪੁਰ ਦਾ ਵੀ ਮੰਡੀ ਵਿੱਚ ਸਵਾਗਤ ਕੀਤਾ ਗਿਆ ਤੇ ਪਹਿਲੇ ਦਿਨ ਹੀ ਉਸ ਦੀ ਫ਼ਸਲ ਦੀ ਖ਼ਰੀਦ ਕੀਤੀ ਗਈ।
ਸ. ਨਾਗਰਾ ਨੇ ਦੱਸਿਆ ਕਿ ਜਿੱਥੇ ਮੰਡੀਆਂ ਵਿੱਚ ਕਿਸਾਨਾਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ, ਉਥੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵੀ ਵਰਤੀਆਂ ਜਾ ਰਹੀਆਂ ਹਨ। ਮੰਡੀਆਂ ਵਿੱਚ ਕਿਸਾਨਾਂ ਤੇ ਹੋਰਨਾਂ ਵਿਅਕਤੀਆਂ ਦੇ ਹੱਥ ਧੋਣ ਅਤੇ ਸੈਨੀਟਾਈਜੇਸ਼ਨ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ ਅਤੇ ਕੰਮ ਕਰ ਰਹੀ ਲੇਬਰ ਤੇ ਮੰਡੀ ਵਿਚਲੇ ਹੋਰਨਾਂ ਵਿਅਕਤੀਆਂ ਨੂੰ ਮਾਸਕ ਉਪਲਬਧ ਕਰਵਾਏ ਗਏ ਹਨ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।  
ਮੰਡੀਆਂ ਵਿੱਚ ਭੀੜ ਹੋਣ ਤੋਂ ਰੋਕਣ ਲਈ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਟੋਕਨ ਜਾਰੀ ਕੀਤੇ ਗਏ ਹਨ ਅਤੇ ਜਿਹੜੇ ਕਿਸਾਨਾਂ ਨੂੰ ਜਿਸ ਦਿਨ ਲਈ ਟੋਕਨ ਜਾਰੀ ਕੀਤਾ ਗਿਆ ਹੈ, ਉਹ ਕਿਸਾਨ ਉਸ ਅਨੁਸਾਰ ਹੀ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆ ਰਹੇ ਹਨ ਤਾਂ ਜੋ ਕੋਵਿਡ-19ਤੋਂ ਬਚਾਅ ਕੀਤਾ ਜਾ ਸਕੇ। ਕਣਕ ਦੀ ਖਰੀਦ ਦੌਰਾਨ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਮੰਡੀਆਂ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਮੌਕੇ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਚਨਾਰਥਲ ਮੰਡੀ ਵਿਖੇ ਕਣਕ ਦੀ ਖ਼ਰੀਦ ਦੀ ਸ਼ੁਰੂਆਤ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਵਾਇਸ ਚੇਅਰਮੈਨ ਇੰਦਰਪਾਲ ਸਿੰਘ ਚਨਾਰਥਲ, ਪਰਮਵੀਰ ਸਿੰਘ ਟਿਵਾਣਾ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਬਧੌਛੀ, ਗੁਰਮੁੱਖ ਸਿੰਘ ਪੰਡਰਾਲੀ, ਬਲਾਕ ਸਮਿਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਆੜ੍ਹਤੀ ਪਰਮਜੀਤ ਸਿੰਘ, ਆੜ੍ਹਤੀ ਕੁਲਦੀਪ ਸਿੰਘ, ਕਰਨੈਲ ਸਿੰਘ ਖਰੌੜਾ ਅਤੇ ਹਰਦੇਵ ਸਿੰਘ ਬਧੌਛੀ ਖੁਰਦ ਹਾਜ਼ਰ ਸਨ। ਇਸੇ ਤਰ੍ਹਾਂ ਸਰਹਿੰਦ ਮੰਡੀ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਸਕੱਤਰ ਗਗਨਦੀਪ ਸਿੰਘ, ਰਾਜਵੀਰ ਸਿੰਘ, ਅਮਰੀਕ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਏ.ਐਫ.ਐਸ.ਓ. ਬਿਕਰਮਜੀਤ ਸਿੰਘ ਚਹਿਲ, ਸਾਹਿਬ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਹਰਚਰਨ ਸਿੰਘ ਤੇ ਰਾਜਵੀਰ ਸਿੰਘ ਹਾਜ਼ਰ ਸਨ।  

LEAVE A REPLY

Please enter your comment!
Please enter your name here