ਮਾਜਰੀ 31 ਜੁਲਾਈ ( ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ” ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪਿੰਡਾਂ ਵਿੱਚ ਜਾਕੇ ਖੇਤ ਦਿਵਸ ਮਨਾਏ ਜਾ ਰਹੇ ਹਨ।ਇਸੇ ਲੜੀ ਤਹਿਤ ਪਿੰਡ ਠਸਕਾ ਵਿਖੇ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਦੇ ਖੇਤ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ।ਇਸ ਮੌਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਨੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਕੰਢੀ ਖੇਤਰ ਵਿੱਚ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਰਵਾਇਤੀ ਕੱਦੂ ਵਾਲੇ ਝੋਨੇ ਤੋਂ ਰਕਬਾ ਘਟਾ ਕੇ ਝੋਨੇ ਦੀ ਸਿੱਧੀ ਬਿਜਾਈ, ਮੱਕੀ, ਅਰਹਰ,ਤਿੱਲ ਅਤੇ ਮੂੰਗਫਲੀ ਹੇਠ ਲਿਆਉਣਾ ਚਾਹੀਦਾ ਹੈ।ਝੋਨੇ ਦੀ ਸਿੱਧੀ ਬਿਜਾਈ ਕਰਨ ਸਮੇਂ ਜਮੀਨ, ਕਿਸਮਾਂ ਦੀ ਚੋਣ, ਬਿਜਾਈ ਦਾ ਸਮਾਂ, ਤਰੀਕਾਂ ਅਤੇ ਨਦੀਨਾਂ ਦੇ ਹੱਲ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉ,ਵੱਧ ਮੁਨਾਫਾ ਕਮਾਉ ਅਤੇ ਪਾਣੀ ਬਚਾਉ, ਖੇਤੀ ਖਰਚੇ ਘਟਾਉ, ਮਜ਼ਦੂਰਾਂ ਦੀ ਘਾਟ ਤੋਂ ਨਿਜਾਤ ਪਾਉ।ਇਸ ਮੌਕੇ ਡਾਂ ਹਰਮੀਤ ਕੌਰ ਸਹਾਇਕ ਪ੍ਰੋਫੈਸਰ ਕੇ ਵੀ ਕੇ ਕੇਂਦਰ ਮੋਹਾਲੀ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਵਿੱਚ ਮਿੱਤਰ ਕੀੜੇ ਮਕੌੜਿਆਂ ਦੀ ਪਹਿਚਾਣ ਕਰਕੇ ਲੋੜ ਅਨੁਸਾਰ ਪੀ ਏ ਯੂ ਵੱਲੋਂ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਨ ਬਾਰੇ ਜਾਣਕਾਰੀ ਦਿੱਤੀ। ਡਾਂ ਰਮਨ ਕਰੋੜੀਆ ਨੇ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਸਮੱਸਿਆ ਅਤੇ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਮਨਪਾਲ ਸਿੰਘ ਨੇ ਝੋਨੇ ਦੀ ਫਸਲ ਵਿੱਚ ਲੋਹੇ ਅਤੇ ਜਿੰਕ ਸਲਫੇਟ ਦੀ ਘਾਟ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੱਤੀ।ਇਸ ਮੌਕੇ ਵਿਭਾਗ ਦੇ ਕੁਲਦੀਪ ਸਿੰਘ ਏ ਐਸ ਆਈ,ਸਵਿੰਦਰ ਕੁਮਾਰ, ਜਸਵੰਤ ਸਿੰਘ ਏ ਟੀ ਐਮ ਅਤੇ ਕਿਸਾਨ ਹਾਜਰ ਸਨ।