ਮਾਜਰੀ 24ਅਗਸਤ ਮਾਰਸ਼ਲ ਨਿਊਜ਼) ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਕੁੱਝ ਕਿਸਾਨਾਂ ਵੱਲੋਂ ਦੂਜਿਆਂ ਦੇ ਕਹਿਣ ਤੇ ਝੋਨੇ ਦੀ ਫਸਲ ਵਿੱਚ ਦਾਣੇਦਾਰ ਕੀਟਨਾਸ਼ਕ ਜਿਵੇਂ ਪਦਾਨ, ਰੀਜੈਂਟ ਅਤੇ ਹੋਰ ਕਈ ਤਰ੍ਹਾਂ ਦੇ ਛੋਟੇ ਤੱਤਾ ਦੇ ਮਿਸ਼ਰਣ, ਜੀਰਮ, ਜਿਬਰੈਲਿਕ ਐਸਿਡ, ਗਰੋਥ ਪ੍ਮੋਟਰ ਆਦਿ ਪਾਏ ਜਾ ਰਹੇ ਹਨ ਜਿਨ੍ਹਾਂ ਦੀ ਝੋਨੇ ਵਿੱਚ ਬਿਲਕੁਲ ਵੀ ਸਿਫਾਰਸ਼ ਨਹੀਂ ਕੀਤੀ ਜਾਦੀ ਹੈ।ਇਸ ਸਬੰਧੀ ਬਲਾਕ ਮਾਜਰੀ ਦੀ ਟੀਮ ਨੇ ਪਿੰਡ ਸਿੰਘਪੁਰਾ,ਗੋਸਲਾਂ ਕਾਲੇਵਾਲ ਅਤੇ ਸ਼ਾਹਪੁਰ ਵਿਖੇ ਝੋਨੇ ਦੀ ਫਸਲ ਤੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰਦੇ ਹੋਏ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਪਿੰਡ ਸ਼ਾਹਪੁਰ ਵਿਖੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਫਸਲ ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੋ ਸਕਦਾ ਹੈ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਸੁਚੇਤ ਹੋ ਕੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹੋ,ਕਿਉਂਕਿ ਇਹ ਸੁੰਡੀ ਤੇਜ ਹਵਾਵਾਂ ਚੱਲਣ ਅਤੇ ਤੇਜ ਬਾਰਿਸ਼ ਪੈਣ ਨਾਲ ਥੈਲੇ ਪਾਣੀ ਵਿੱਚ ਡਿੱਗ ਜਾਂਦੀ ਹੈ ਅਤੇ ਫਸਲ ਠੀਕ ਰਹਿੰਦੀ ਹੈ।ਅਗਰ ਫਿਰ ਵੀ ਸੁੰਡੀ ਦਾ ਹਮਲਾ ਲੱਗੇ ਤਾਂ ਫਸਲ ਦੇ ਨਿਸਰਨ ਤੋਂ ਪਹਿਲਾਂ ਸੁੰਡੀ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫਸਲ ਦੇ ਉਪਰਾਲੇ ਹਿੱਸੇ ਤੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਦੋ ਵਾਰੀ ਫੇਰੋ ,ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫਸਲ ਵਿਚ ਪਾਣੀ ਜਰੂਰ ਖੜ੍ਹਾ ਹੋਵੇ।ਇਸ ਤੋਂ ਇਲਾਵਾ ਇਸ ਸੁੰਡੀ ਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ ਇਕ ਲੀਟਰ ਕਲੋਰਪਾਈਰੀਫਾਸ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਵੀ ਲੋੜ ਪੈਣ ਤੇ ਕੀਤਾ ਜਾ ਸਕਦਾ ਹੈ। ਇਸ ਮੌਕੇ ਕਿਸਾਨ ਮੋਤਾ ਸਿੰਘ, ਸੁਖਵਿੰਦਰ ਸਿੰਘ ਅਤੇ ਵਿਭਾਗ ਦੇ ਸ੍ਰੀ ਸਵਿੰਦਰ ਕੁਮਾਰ ਅਤੇ ਜਸਵੰਤ ਸਿੰਘ ਏ ਟੀ ਐਮ ਹਾਜਰ ਸਨ।