ਐਸ ਏ ਐਸ ਨਗਰ 7ਅਕਤੂਬਰ(ਰਣਜੀਤ ਸਿੰਘ) ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਲੇ ਵਿੱਚ ਬਿਨਾਂ ਸੁਪਰ ਐਸ ਐਮ ਐਸ ਤੋਂ ਕੋਈ ਕੰਬਾਈਨ ਨਹੀਂ ਚਲੇਗੀ ਅਤੇ ਕੰਬਾਈਨਾਂ ਸਵੇਰੇ 9 ਵਜੇ ਤੋਂ ਸਾਂਮ 7 ਵਜੇ ਤੱਕ ਹੀ ਚੱਲਣਗੀਆਂ। ਇਸ ਸਬੰਧੀ ਚੈੱਕਿਗ ਕਰਨ ਲਈ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਬਲਾਕ ਮਾਜਰੀ ਦੀ ਟੀਮ ਨੇ ਪਿੰਡ ਸ਼ਾਹਪੁਰ,ਲਖਨੌਰ, ਰਕੌਲੀ, ਘਟੋਰ,ਗੋਸਲਾਂ ਅਤੇ ਸਿੰਘਪੁਰਾ ਵਿਖੇ ਚੱਲ ਰਹੀਆਂ ਕੰਬਾਇਨਾਂ ਤੇ ਸੁਪਰ ਐਸ ਐਮ ਐਸ ਚੈੱਕ ਕੀਤੇ। ਪਿੰਡ ਸ਼ਾਹਪੁਰ ਵਿਖੇ ਮੋਤਾ ਸਿੰਘ ਦੇ ਖੇਤ ਵਿਚ ਝੋਨੇ ਦੀ ਕਟਾਈ ਕਰ ਰਹੀ ਕੰਬਾਇਨ ਚੈੱਕ ਕਰਦੇ ਹੋਏ ਉਨ੍ਹਾਂ ਕੰਬਾਈਨ ਮਾਲਕ ਅਤੇ ਕਿਸਾਨਾਂ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਜੀ ਵੱਲੋਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਸਮੱਸਿਆ ਨਾਲ ਕਾਰਗਰ ਢੰਗ ਨਾਲ ਨਜਿੱਠਣ ਲਈ ਸਾਰੇ ਕੰਬਾਈਨ ਮਾਲਕਾਂ ਨਾਲ ਮੀਟਿੰਗ ਦੌਰਾਨ ਹਦਾਇਤ ਕੀਤੀ ਸੀ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਤੋਂ ਬਿਨਾਂ ਚੱਲਣ ਵਾਲੀਆਂ ਕੰਬਾਈਨਾਂ ਨੂੰ ਜ਼ਬਤ ਕੀਤਾ ਜਾਵੇਗਾ। ਅਗਰ ਕਿਸੇ ਦੀ ਕੰਬਾਇਨ ਤੇ ਸੁਪਰ ਐਸ ਐਮ ਐਸ ਨਹੀ ਲੱਗਾ ਹੋਇਆ ਤਾਂ ਲੱਗਾ ਲਿਆਂ ਜਾਵੇ ਜਿਸ ਤੇ ਸਰਕਾਰ 50% ਸਬਸਿਡੀ ਦੇ ਰਹੀ ਹੈ। ਡਾਂ ਗੁਰਬਚਨ ਸਿੰਘ ਨੇ ਦੱਸਿਆ ਕਿ ਕੰਬਾਇਨ ਮਾਲਕਾਂ ਨੂੰ ਹਵਾ (ਪ੍ਦੂਸ਼ਨ ਦੀ ਰੋਕਥਾਮ ਤੇ ਨਿਯੰਤਰਣ) ਐਕਟ 1981 ਤਹਿਤ ਜਾਰੀ ਹੋਈਆਂ ਹਦਾਇਤਾਂ ਨੂੰ ਅਪਣਾਉਣਾ ਹੋਵੇਗਾ ਤਾਂ ਕਿ ਝੋਨੇ ਦੇ ਵਢਾਈ ਸੀਜ਼ਨ ਦੌਰਾਨ ਸਿਰਫ ਸੁਪਰ ਐਸ ਐਮ ਐਸ ਵਾਲੀਆ ਮਸ਼ੀਨਾਂ ਨੂੰ ਯਕੀਨੀ ਬਣਾਇਆ ਜਾ ਸਕੇ। ਪੰਜਾਬ ਪ੍ਰਦੂਸ਼ਨ ਬੋਰਡ ਵੱਲੋਂ ਸੁਪਰ ਐਸ ਐਮ ਐਸ ਤੋਂ ਬਿਨਾਂ ਚੱਲਣ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਤੇ ਵਾਤਾਵਰਣ ਮੁਆਵਜ਼ਾ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਪਹਿਲੀ, ਦੂਜੀ ਅਤੇ ਤੀਜੀ ਵਾਰ ਉਲੰਘਣਾ ਕਰਨ ਵਾਲੇ ਕੰਬਾਇਨ ਮਾਲਕਾਂ ਨੂੰ ਕ੍ਰਮਵਾਰ 50,000 ਰੁਪਏ 75,000 ਰੁਪਏ ਅਤੇ ਇਕ ਲੱਖ ਰੁਪਏ ਵਾਤਾਵਰਣ ਮੁਆਵਜ਼ਾ ਅਦਾ ਕਰਨਾ ਪਵੇਗਾ।ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ, ਕੰਬਾਇਨ ਮਾਲਕ ਹਰਦੇਵ ਸਿੰਘ ਅਤੇ ਵਿਭਾਗ ਦੇ ਸਵਿੰਦਰ ਕੁਮਾਰ ਏ ਟੀ ਐਮ ਹਾਜਰ ਸਨ।