ਮਾਜਰੀ 5ਆਗਸਤ(ਮਾਰਸ਼ਲ ਨਿਊਜ਼) – ਸਬ ਤਹਿਸੀਲ ਵਿਖੇ ਗ੍ਰਾਮ ਪੰਚਾਇਤ ਮਾਜਰੀ ਵੱਲੋਂ ਵਕੀਲਾਂ ਅਤੇ ਟਾਈਪਿਸਟਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਦੁਕਾਨਾਂ ਦੀ ਉਸਾਰੀ ਦਾ ਮਹੂਰਤ ਕੀਤਾ ਗਿਆ। ਨਿਊ ਗਿਆਨੀ ਜੈਲ ਸਿੰਘ ਕੰਪਲੈਕਸ ਦੇ ਨਾਂਅ ਹੇਠ ਬਣਨ ਜਾ ਰਹੀਆਂ ਇੰਨ੍ਹਾਂ ਦੁਕਾਨਾਂ ਦਾ ਨੀਂਹ ਪੱਥਰ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ ਵੱਲੋਂ ਕੀਤਾ ਗਿਆ। ਸਾਬਕਾ ਮੰਤਰੀ ਕੰਗ ਨੇ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਯੁਧਿਆ ਵਿਖੇ ਸ੍ਰੀ ਰਾਮ ਜਨਮ ਭੂਮੀ ਦੇ ਅਸਥਾਨ ‘ਤੇ ਮੰਦਿਰ ਦੇ ਸੁਭ ਆਰੰਭ ਦੀਆਂ ਸਭਨਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸ੍ਰੀ ਰਾਮ ਸਭਨਾਂ ਦੇ ਹੀ ਸਾਝੇਂ ਭਗਵਾਨ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਪਹਿਲੇ ਸਿੱਖ ਰਾਸਟਰਪਤੀ ਗਿਆਨੀ ਜੈਲ ਸਿੰਘ ਜੋ ਕਿ ਦੂਰਦਰਸਤਾ ਅਤੇ ਧਾਰਮਿਕ ਨਿਰੱਖਪਤਾ ਅਤੇ ਚਹੁੰ ਮੁਖੀ ਵਿਕਾਸ ਦੇ ਪ੍ਰਤੀਕ ਸਨ, ਦੇ ਨਾਂਅ ‘ਤੇ ਇਸ ਨਿਊ ਗਿਆਨੀ ਜੈਲ ਸਿੰਘ ਕੰਪੈਲਕਸ ਦੀ ਸਥਾਪਨਾ ਘਾੜ ਦੇ ਇਲਾਕੇ ਵਿੱਚ ਵਿਕਾਸ ਲਈ ਨਵੀਂ ਨੀਂਹ ਰੱਖੇਗੀ।

ਕੰਗ ਨੇ ਆਖਿਆ ਕਿ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਲੋਕ ਹਿੱਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਸਰਪੰਚ ਰਾਣਾ ਜਗਦੀਪ ਸਿੰਘ ਨੇ ਕਿਹਾ ਕਿ ਇਸ ਕੰਪਲੈਕਸ ਵਿੱਚ ਪੰਚਾਇਤ ਵੱਲੋਂ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਦੁਕਾਨਾਂ ਬਿਲਕੁੱਲ ਕਾਨੂੰਨ ਦੇ ਦਾਇਰੇ ਅੰਦਰ ਰਹਿਕੇ ਪੂਰੀ ਪਾਰਦਰਸ਼ਤਾ ਤਹਿਤ ਬੋਲੀਕਾਰਾਂ ਨੂੰ ਦਿੱਤੀਆਂ ਗਈਆਂ ਨੇ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਲਾਭ ਸਿੰਘ ਮਾਜਰੀ, ਸਰਪੰਚ ਜਗਦੀਪ ਸਿੰਘ ਮਾਜਰੀ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਕ੍ਰਿਪਾਲ ਸਿੰਘ ਖਿਜਰਾਬਾਦ, ਕਾਂਗਰਸੀ ਆਗੂ ਰਾਣਾ ਗਿਆਨ ਸਿੰਘ ਘੰਡੌਲੀ, ਸੰਮਤੀ ਮੈਂਬਰ ਨਰਿੰਦਰ ਸਿੰਘ ਢਕੋਰਾਂ, ਰਣਜੀਤ ਸਿੰਘ ਦੁਲਵਾਂ, ਰਣਜੀਤ ਸਿੰਘ ਨਗਲੀਆਂ, ਸਰਪੰਚ ਹਰਜੀਤ ਸਿੰਘ ਰੋਮੀ ਆਦਿ ਆਗੂ ਵੀ ਹਾਜਿਰ ਸਨ।