ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਗਰੂਕ ਮੁਹਿੰਮ ਦਾ ਕੀਤਾ ਆਗਾਜ਼
ਕਰੋਨਾ ਵਿਰੁੱਧ ਮੁਹਿੰਮ ਵਿੱਚ ਸਕੂਲਾਂ,ਕਾਲਜਾਂ ਅਤੇ ਯੁਵਕ ਸੇਵਾਵਾਂ ਕਲੱਬ ਦੇ ਵਲੰਟੀਅਰ ਹੋਣਗੇ ਸ਼ਾਮਲ
ਐਸ.ਏ.ਐਸ ਨਗਰ, 15 ਸਤੰਬਰ ਮਾਰਸ਼ਲ ਨਿਊਜ਼ :ਕੋਰੋਨਾ ਦੇ ਇਲਾਜ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਡੀ.ਪੀ.ਐਸ. ਖਰਬੰਦਾ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਦਾ ਆਗਾਜ਼ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੀਵ ਗੁਪਤਾ ਵਲੋਂ ਕੋਰੋਨਾ ਸਬੰਧੀ ਪੋਸਟਰ ਰਲੀਜ ਕਰਕੇ ਕੀਤਾ ਗਿਆ । ਇਹ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਐਸ.ਏ.ਐਸ.ਨਗਰ ਸ੍ਰੀਮਤੀ ਰੁਪਿੰਦਰ ਕੌਰ ਵਲੋਂ ਦੱਸਿਆ ਗਿਆ ਕਿ ਜਿ਼ਲ੍ਹੇ ਦੇ ਸਕੂਲਾਂ, ਕਾਲਜਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨਾਲ ਆਨ-ਲਾਈਨ ਮੀਟਿੰਗ ਕਰਕੇ ਉਨ੍ਹਾਂ ਨੂੰ ਕਰੋਨਾ ਵਿਰੁੱਧ ਜਾਰੀ ਇਸ ਜਾਗਰੂਕ ਮੁਹਿੰਮ ਵਿੱਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਉਣ ਲਈ ਕਿਹਾ ਗਿਆ ।

ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਦੌਰਾਨ ਜਿ਼ਲ੍ਹੇ ਦੇ ਯੂਥ ਕਲੱਬਾਂ, ਰੈੱਡ ਰੀਬਨ ਕਲੱਬਾਂ, ਕੌਮੀ ਸੇਵਾ ਯੋਜਨਾ ਇਕਾਈਆਂ ਦੇ ਵਲੰਟੀਅਰ, ਯੁਵਕ ਸੇਵਾਵਾਂ ਵਿਭਾਗ ਵਲੋਂ ਜਾਰੀ ਕੀਤੇ ਪੈਂਫਲਟ ਪਿੰਡਾਂ, ਸ਼ਹਿਰਾਂ, ਕਸਬਿਆਂ, ਬਸਤੀਆਂ ਵਿੱਚ ਵੰਡਣਗੇ ਅਤੇ ਗੁਰਦੁਆਰਿਆਂ , ਮੰਦਰਾਂ ਵਿਚੋਂ ਵੀ ਲਾਊਡ ਸਪੀਕਰਾਂ ਰਾਹੀਂ ਅਨਊਸਮੈਂਟ ਕਰਕੇ ਕੋਰੋਨਾ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਅਫਵਾਹਾਂ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਲਈ ਜਾਗਰੂਕ ਕਰਨਗੇ I ਉਨ੍ਹਾਂ ਦੱਸਿਆ ਕਿ ਇਹ ਵੀ ਜਾਗਰੂਕ ਕੀਤਾ ਜਾਵੇ ਕਿ ਕਰੋਨਾ ਦੇ ਲੱਛਣ ਜਿਵੇਂ ਕਿ ਖੰਘ, ਬੁਖਾਰ, ਸਿਰ ਦਰਦ, ਥਕਾਵਟ ਆਦਿ ਦਿੱਖਣ ਤੇ ਟੈਸਟ ਜਰੂਰ ਕਰਵਾਏ ਜਾਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ I ਮੁਹਿੰਮ ਵਿੱਚ ਪ੍ਰਦੂਸ਼ਣ ਰੋਕਥਾਮ ਬੋਰਡ, ਖੇਤਰੀ ਦਫ਼ਤਰ ਐਸ.ਏ.ਐਸ ਨਗਰ ਅਤੇ ਮੁੱਖ ਖੇਤੀਬਾੜੀ ਦਫਤਰ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਜਾਵੇਗਾ I