ਕੈਪਟਨ ਅਮਰਿੰਦਰ ਸਿੰਘ ਵੱਲੋਂ ਵੇਰਕਾ ਦਾ ਪੀਓ ਨੈਚੂਰਲ ਵੈਨੀਲਾ ਮਿਲਕ ਅਤੇ ਚਿਲੇਟਿਡ ਮਿਨਰਲ ਮਿਕਸਚਰ ਲਾਂਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਪੰਜਾਬ ਮਿਲਕਫੈਡ ਦੇ ਵੇਰਕਾ ਬਰਾਂਡ ਦਾ ਪੀਓ ਨੈਚੂਰਲ ਵੈਨੀਲਾ ਮਿਲਕ ਦਾ 200 ਐਮ.ਐਲ. ਟੈਟਰਾ ਪੈਕ ਅਤੇ ਪ੍ਰੀਮੀਅਮ ਚਿਲੇਟਿਡ ਮਿਨਰਲ ਮਿਕਸ਼ਚਰ ਲਾਂਚ ਕੀਤਾ ਗਿਆ।
ਮੁੱਖ ਮੰਤਰੀ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਪ੍ਰੀਮੀਅਮ ਉਤਪਾਦ ਸ੍ਰੇਣੀ ਅਧੀਨ 35 ਰੁਪਏ ਦੀ ਕੀਮਤ ਵਾਲਾ ਵੈਨੀਲਾ ਮਿਲਕ ਦਾ 200 ਐਮ.ਐਲ. ਦਾ ਪੈਕ ਅਤੇ 320 ਰੁਪਏ ਦੀ ਕੀਮਤ ਵਾਲਾ ਪ੍ਰੀਮੀਅਮ ਚਿਲੇਟਿਡ ਮਿਨਰਲ ਮਿਕਸ਼ਚਰ ਦਾ 2 ਕਿੱਲੋ ਦਾ ਪੈਕ ਲਾਂਚ ਕੀਤਾ। ਇਹ ਉਤਪਾਦ ਕ੍ਰਮਵਾਰ ਚੰਡੀਗੜ ਅਤੇ ਘਨੀਆ-ਕੇ-ਬਾਂਗਰ ਵਿਖੇ ਮਿਲਕਫੈਡ ਦੀਆਂ ਇਕਾਈਆਂ ਵਿਚ ਤਿਆਰ ਅਤੇ ਪੈਕ ਕੀਤੇ ਜਾ ਰਹੇ ਹਨ।
ਸ. ਰੰਧਾਵਾ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਡੇਅਰੀ ਉਤਪਾਦਕਾਂ ਲਈ ਵਾਜਬ ਕੀਮਤਾਂ ਨੂੰ ਯਕੀਨੀ ਬਣਾਉਣ ਦੇ ਉਦੇਸ ਅਤੇ ਖਪਤਕਾਰਾਂ ਨੂੰ ਮਿਆਰੀ ਦੁੱਧ ਦੇ ਉਤਪਾਦ ਵਾਜਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਦੀ ਲੋੜ ਦੇ ਮੱਦੇਨਜ਼ਰ ਹੋਂਦ ਵਿੱਚ ਲਿਆਂਦਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸੰਸਥਾ ਕੋਲ 5700 ਦੁੱਧ ਉਤਪਾਦਕਾਂ ਦੀਆਂ ਸਹਿਕਾਰੀ ਸਭਾਵਾਂ ਦਾ ਮਜਬੂਤ ਨੈੱਟਵਰਕ ਹੈ, ਜਿਸ ਵਿੱਚ ਤਕਰੀਬਨ 3.20 ਲੱਖ ਕਿਸਾਨ ਮੈਂਬਰ ਹਨ। ਉਨਾਂ ਕਿਹਾ ਕਿ ਇਸ ਸਮੇਂ ਮਿਲਕਫੈਡ ਆਪਣੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਰਬੋਤਮ ਮੁੱਲ ਦੇ ਰਿਹਾ ਹੈ, ਜਿਸ ਨਾਲ ਸੂਬੇ ਦੇ ਡੇਅਰੀ ਉਤਪਾਦਕਾਂ ਦੀ ਸਮਾਜਿਕ ਆਰਥਿਕ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ।
ਕਾਬਲੇਗੌਰ ਹੈ ਕਿ ਇਸ ਸਾਲ ਅਪ੍ਰੈਲ ਅਤੇ ਅਕਤੂਬਰ ਮਹੀਨੇ ਦੌਰਾਨ ਮਿਲਕਫੈਡ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਸਭ ਤੋਂ ਵੱਧ ਵਿਕਰੀ ਕੀਤੀ ਹੈ। ਸਾਲ 2017-18 ਦੌਰਾਨ ਮਿਲਕਫੈਡ ਦਾ ਕਾਰੋਬਾਰ 3417 ਕਰੋੜ ਰੁਪਏ ਸੀ ਜੋ ਕਿ ਸਾਲ 2018-19 ਦੌਰਾਨ 14 ਫੀਸਦੀ ਵਾਧੇ ਨਾਲ 3,902 ਕਰੋੜ ਰੁਪਏ ਹੋ ਗਿਆ ਹੈ।
ਮਿਲਕਫੈਡ ਨੇ ਹਾਲ ਹੀ ਵਿੱਚ ਬੱਸੀ ਪਠਾਣਾ ਵਿਖੇ ਐਸੇਪਟਿਕ ਮਿਲਕ (ਯੂ.ਐੱਚ.ਟੀ.) ਦੀ ਨਵੀਂ ਆਟੋਮੈਟਿਕ ਮਿਲਕ ਪ੍ਰੋਸੈਸਿੰਗ ਅਤੇ ਪੈਕਜਿੰਗ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਅੰਮਿ੍ਰਤਸਰ ਅਤੇ ਜਲੰਧਰ ਵਿਖੇ ਆਪਣੇ ਮੌਜੂਦਾ ਦੁੱਧ ਪਲਾਂਟਾਂ ਦਾ ਆਧੁਨਿਕੀਕਰਨ ਅਤੇ ਵਿਸਥਾਰ ਪੜਾਅਵਾਰ ਢੰਗ ਨਾਲ ਕਰ ਰਹੀ ਹੈ ਜਿਸ ‘ਤੇ ਕੁੱਲ 602 ਕਰੋੜ ਰੁਪਏ ਦੀ ਲਾਗਤ ਆਵੇਗੀ।

LEAVE A REPLY

Please enter your comment!
Please enter your name here