ਮੁੱਲਾਂਪੁਰ ਗਰੀਬਦਾਸ, 30 ਮਈ (ਮਾਰਸ਼ਲ ਨਿਊਜ਼) – ਪਿੰਡ ਬਗਿੰਡੀ ਦੇ ਇੱਕ ਨੌਜਵਾਨ ਨਾਲ ਕਥਿਤ ਕੁੱਟਮਾਰ ਕਰਕੇ ਉਸ ਨੂੰ ਜਖਮੀਂ ਕਰਨ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਪਿੰਡ ਗੁੜਾ ਦੇ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਅਕਾਲੀ ਆਗੂ ਤੇ ਸਾਬਕਾ ਸਰਪੰਚ ਚੌਧਰੀ ਸ਼ਾਮਲਾਲ ਨੇ ਦੱਸਿਆ ਕਿ ਉਸ ਦੇ ਫਾਰਮ ਹਾਉਸ ਵਿੱਚ ਪਿੰਡ ਬਗਿੰਡੀ ਦਾ ਨੌਜਵਾਨ ਨਿਰਮਲ ਸਿੰਘ ਨੌਕਰੀ ਕਰਦਾ ਹੈ, ਜਿਸ ਨਾਲ ਕੁੱਟਮਾਰ ਕੀਤੀ ਗਈ ਹੈ। ਦੂਜੇ ਪਾਸੇ ਐਸ ਐਚ ਉ ਹਰਸਿਮਰਨਜੀਤ ਸਿੰਘ ਚੀਮਾ ਅਤੇ ਜਾਂਚ ਅਫਸਰ ਹਰਪਾਲ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਖਰੜ੍ਹ ਵਿਖੇ ਦਾਖਲ ਜਖਮੀਂ ਨੌਜਵਾਨ ਨਿਰਮਲ ਸਿੰਘ ਬਗਿੰਡੀ ਦੇ ਬਿਆਨਾਂ ਦੇ ਆਧਾਰ ਉਤੇ ਕੁੱਟਮਾਰ ਕਰਨ ਵਾਲੇ ਪਿੰਡ ਗੁੜਾ ਵਾਸੀ ਨਾਥਾ ਰਾਮ,ਤਰਸੇਮ ਲਾਲ,ਸੁਖਵਿੰਦਰ ਸਿੰਘ, ਨਸੀਬ ਸਿੰਘ,ਮੱਖਣ ਸਿੰਘ ਸਮੇਤ ਹੋਰਨਾਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।