ਪ੍ਰਧਾਨ ਜੀਤੀ ਪਡਿਆਲਾ ਨੇ ਸ਼ਹਿਰ ਵਾਸੀਆਂ ਸਿਰ ਬੰਨਿਆ ਸ਼ਿਹਰਾ
ਕੁਰਾਲੀ, 20 ਨਵੰਬਰ ( ਮਾਰਸ਼ਲ ਨਿਊਜ)- ਕੁਰਾਲੀ ਸ਼ਹਿਰ ਨੂੰ ਅੱਜ ਉਤਰੀ ਭਾਰਤ ਵਿੱਚੋਂ 25 ਤੋਂ 50 ਹਜਾਰ ਦੀ ਆਬਾਦ ਵਾਲੇ ਸ਼ਹਿਰਾਂ ਵਿੱਚ ਸਭ ਤੋਂ ਸਾਫ਼ ਸੁਥਰਾ ਸ਼ਹਿਰ ਹੋਣ ਦਾ ਖਿਤਾਬ ਮਿਲਿਆ ਹੈ। ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਵਾਈ ਅਤੇ ਹਰਦੀਪ ਪੁਰੀ ਸ਼ਹਿਰੀ ਵਿਕਾਸ ਮੰਤਰੀ ਕੇਂਦਰ ਸਰਕਾਰ ਦੀ ਹਾਜਰੀ ਵਿੱਚ ਇਹ ਐਵਾਰਡ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ, ਸ੍ਰੀਮਤੀ ਪੂਜਾ ਸਿਆਲ ਏ.ਡੀ.ਸੀ. ਮੋਹਾਲੀ, ਵਰਿੰਦਰ ਕੁਮਾਰ ਜੈਨ ਕਾਰਜ ਸਾਧਕ ਅਫ਼ਸਰ ਕੁਰਾਲੀ, ਅਤੇ ਪੋ੍ਰਗਰਾਮ ਕੋਆਰਡੀਨੇਟ ਸ੍ਰੀਮਤੀ ਨੀਤੂ ਨੇ ਕੇਂਦਰੀ ਮੰਤਰੀ ਸ੍ਰੀ ਕੌਸ਼ਲ ਕੁਮਾਰ ਆਵਾਸ ਅਤੇ ਸ਼ਹਿਰੀ ਮਾਮਲੇ ਕੇਂਦਰ ਸਰਕਾਰ ਤੋਂ ਹਾਸਿਲ ਕੀਤਾ। ਇਸ ਸਮਾਗਮ ਦੌਰਾਨ ਖੁਸ਼ੀ ਦੇ ਪਲ ਸਾਂਝੇ ਕਰਦਿਆਂ ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨੇ ਇਸ ਐਵਾਰਡ ਦਾ ਸ਼ਿਹਰਾ ਸ਼ਹਿਰ ਵਾਸੀਆਂ ਸਿਰ ਬੰਨਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੁਆਰਾ ਸੁਮੱਚੇ ਵਾਰਡਾਂ ਨੂੰ ਸਾਫ਼ ਸੁਥਰਾ ਰੱਖਣ ਲਈ ਦਿੱਤੇ ਸਹਿਯੋਗ ਸਦਕਾ ਹੀ ਅੱਜ ਕੁਰਾਲੀ ਨਗਰ ਕੌਂਸਲ ਇਸ ਮੁਕਾਮ ਤੱਕ ਪਹੁੰਚੀ ਹੈ ਕਿ ਸਮੁੱਚੇ ਉੱਤਰੀ ਜੋਨ ਵਿੱਚ ਕੇਂਦਰ ਸਰਕਾਰ ਦੇ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਕਰਵਾਏ ‘ਸਵੱਛ ਸਰਵੇਖਣ 2021’ ਵਿੱਚ ਕੁਰਾਲੀ ਨੂੰ ਪਹਿਲਾ ਸਥਾਨ ਮਿਲਿਆ ਹੈ। ਉਨਾਂ ਦੱਸਿਆ ਕਿ ਦੇਸ਼ ਦੇ ਉੱਤਰੀ ਜੋਨ ਦੀ 25 ਤੋਂ 50 ਹਜਾਰ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚੋਂ ਸਾਫ਼-ਸਫ਼ਾਈ ਦੇ ਖੇਤਰ ਵਿੱਚ ਪਹਿਲੇ ਸਥਾਨ ਤੇ ਆਉਣ ਲਈ ਸ਼ਹਿਰ ਦੀ ਨਗਰ ਕੌਂਸਲ ਦੀ ਸਮੁੱਚੀ ਟੀਮ ਅਤੇ ਸਫ਼ਾਈ ਕਰਮਚਾਰੀ ਦੁਆਰਾ ਕੀਤੀਆਂ ਜਾਂਦੀਆਂ ਸੇਵਾਵਾਂ ਨੂੰ ਵੀ ਇਸ ਮੌਕੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਪਡਿਆਲਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਕੱਲਾ ਕੁਝ ਨਹੀਂ ਕਰ ਸਕਦਾ ਅਤੇ ਜਦੋਂਕਿ ਟੀਮ ਵਰਕ ਨਾਲ ਕੰਮ ਕਰਦਿਆਂ ਅਸੀਂ ਹਰੇਕ ਮੰਜਿਲ ਤੇ ਆਸਾਨੀ ਨਾਲ ਪਹੁੰਚ ਸਕਦੇ ਹਾਂ। ਸਮੁੱਚੇ ਉੱਤਰੀ ਜੋਨ ਵਿੱਚ ਆਪਣੇ ਸ਼ਹਿਰ ਕੁਰਾਲੀ ਨੂੰ ਸਾਫ਼-ਸਫ਼ਾਈ ਦੇ ਖੇਤਰ ਵਿੱਚ ਪਹਿਲਾ ਸਥਾਨ ਦੁਆਉਣ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨਾਂ ਵੱਲੋਂ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਉਹ ਹਮੇਸ਼ਾਂ ਵਚਨਬੱਧ ਹਨ ਅਤੇ ਦੇਸ਼ ਭਰ ਵਿੱਚ ਸ਼ਹਿਰ ਕੁਰਾਲੀ ਨੂੰ ਪਹਿਲੇ ਸਥਾਨ ਤੇ ਲਿਆ ਕੇ ਉਹ ਫ਼ਖਰ ਮਹਿਸੂਸ ਕਰ ਰਹੇ ਹਨ।