-ਕੀਰਤਨੀ ਜੱਥਿਆਂ ਵੱਲੋਂ ਪੁਰਾਤਨ ਤੰਤੀ ਸਾਜਾਂ ਨਾਲ ਗੁਰਬਾਨੀ ਦਾ ਇਲਾਹੀ ਕੀਰਤਨ ਕੀਤਾ ਗਿਆ

-ਸੰਤ ਸਮਾਜ ਦੇ ਨੁਮਾਇੰਦਿਆਂ, ਸੰਤ ਮਹਾਂਪੁਰਸਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ

– ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਵੱਲੋਂ ਸੰਤ ਮਹਾਂਪੁਰਸਾਂ, ਕੀਰਤਨੀ ਜੱਥਿਆ ਅਤੇ ਸੰਗਤਾਂ ਦਾ ਧੰਨਵਾਦ

ਚੰਡੀਗੜ੍ਹ/ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ ( ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਉਤਸਵ ਦੇ ਤੀਜੇ ਦਿਨ ਸੁਰ ਮੰਡਲ ਭਾਈ ਮਰਦਾਨਾ ਰਾਗ ਦਰਬਾਰ ਵਿਖੇ ਗੁਰੂ ਦੀ ਬਾਣੀ ਦੇ ਇਲਾਹੀ ਕੀਰਤਨ ਦੀ ਸ਼ੁਰੂਆਤ ਹੋਈ, ਜਿਸ ਵਿੱਚ ਵਿਸ਼ਵ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਪੁਰਾਤਨ ਤੰਤੀ ਸਾਜਾਂ ਨਾਲ ਰੱਬੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਗਤ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ ਅਤੇ ਸੰਗਤਾਂ ਵਿੱਚ ਬੈਠ ਕੇ ਕੀਰਤਨ ਸਰਵਨ ਕੀਤਾ। ਇਸ ਮੌਕੇ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਸਮੇਤ ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਅਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ

ਇਸ ਮੌਕੇ ਭਾਈ ਰਣਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਸ਼ਰਨ ਸਿੰਘ ਜਵੱਧੀ ਜੱਥਾ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਭਾਈ ਰਣਜੋਧ ਸਿੰਘ ਤੇ ਸਾਥੀ ਹਰੀਕੇ ਪੱਤਣ ਵੱਲੋਂ ਸ਼ਬਦ ‘ਫਿਰ ਬਾਬਾ ਆਇਆ ਕਰਤਾਰਪੁਰ’, ਡਾ. ਗੁਰਿੰਦਰ ਕੌਰ ਦਿੱਲੀ ਵਾਲੇ ਅਤੇ ਸਾਥੀਆਂ ਵੱਲੋਂ ਰਾਗ ਸੁੱਧ ਸਾਰੰਗ ਵਿੱਚ ‘ਕਲ ਤਾਰਨ ਗੁਰੂ ਨਾਨਕ ਆਇਆ’ ਸ਼ਬਦ ਦਾ ਗਾਇਨ ਕੀਤਾ। ਇਸ ਉਪਰੰਤ ਬੀਬੀ ਜਸਲੀਨ ਕੌਰ ਰਾਗ ਗਾਉੜੀ ਵਿੱਚ ‘ਮੈਂ ਬੰਜਾਰਣ ਰਾਮ ਕੀ’ ਅਤੇ ‘ਬਾਬਾ ਆਖੇ ਕਾਜ਼ੀਆਂ’ ਸ਼ਬਦ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ।

ਉਸਤਾਦ ਗੁਰਮੀਤ ਸਿੰਘ ਦਿੱਲੀ ਵਾਲੇ ਸੰਤ ਖ਼ਾਲਸਾ ਵੱਲੋਂ ਰਾਗ ਪ੍ਰਭਾਤੀ ਅਤੇ ਰਾਗ ਕਿਰਵਾਨੀ ਵਿੱਚ ‘ਕਿਆ ਕਹੀਐ ਸਰਬੇ ਰਹਿਆ ਸਮਾਇ, ਜੋ ਕਿਛ ਵਰਤੇ ਸਬ ਤੇਰੀ ਰਜਾਇ ਅਤੇ ‘ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ ਰਾਹੀਂ ਸੰਗਤਾਂ ਵਿੱਚ ਆਪਣੀ ਹਾਜ਼ਰੀ ਲਗਵਾਈ।

ਇਸ ਮੌਕੇ ਸੰਗਤਾਂ ਦੇ ਵਿਸਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੇ ਸਮਾਗਮ ਵਿੱਚ ਪੁੱਜੇ ਸੰਤ ਮਹਾਂ ਪੁਰਸ਼ਾਂ, ਕੀਰਤਨੀ ਜੱਥਿਆਂ ਅਤੇ ਸਮੂਹ ਸੰਗਤਾਂ ਦਾ ਸਮਾਗਮ ਵਿੱਚ ਪੁੱਜਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਤੇ ਫ਼ਖਰ ਵਾਲੀ ਗੱਲ ਹੈ ਕਿ ਅਸੀਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ550ਵਾਂ ਪ੍ਰਕਾਸ਼ ਪੁਰਬ ਆਲਮੀ ਪੱਧਰ ‘ਤੇ ਮਨਾ ਰਹੇ ਹਾਂ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲਣ ਦੇ ਸ਼ੁਕਰਾਨੇ ਵਜੋਂ ਅਸੀਂ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ‘ਤੇ ਡੇਰਾ ਬਾਬਾ ਨਾਨਕ ਉਤਸਵ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਸਮਾਗਮ 11 ਨਵੰਬਰ ਰਾਤ ਤੱਕ ਚੱਲਣਗੇ ਅਤੇ ਸੰਗਤਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਹਾਜ਼ਰੀ ਲਗਵਾਉਣੀ ਚਾਹੀਦੀ ਹੈ।

ਇਸ ਮੌਕੇ ਪ੍ਰਧਾਨ ਸੰਤ ਸਮਾਜ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੋਹਣ ਸਿੰਘ, ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਦਮੀ ਤੇ ਸੁਰ ਅਭਿਆਸ ਜੰਡਿਆਲਾ ਗੁਰੂ, ਸੰਤ ਰਣਜੀਤ ਸਿੰਘ ਡੇਰਾ ਸੰਤਪੁਰਾ, ਬਾਬਾ ਫਤਿਹ ਸਿੰਘ ਤਰਨਾ ਦਲ ਹੁਸਿਆਰਪੁਰ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਹੀ ਬਾਣੀ ਦਾ ਗੁਣਗਾਨ ਸਰਵਨ ਕਰਨ ਆਈ ਸੰਗਤ ਹਾਜ਼ਰ ਸੀ। ਸਟੇਜ ਸੰਚਾਲਨ ਸ. ਤਰੁਨਦੀਪ ਸਿੰਘ ਟੀਮ ਫ਼ਤਿਹ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਬਾਖ਼ੂਬੀ ਕੀਤਾ ਗਿਆ।

LEAVE A REPLY

Please enter your comment!
Please enter your name here