ਕੁਰਾਲੀ 24ਜੁਲਾਈ (ਮਾਰਸ਼ਲ ਨਿਊਜ਼) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੰਡੀਕਰਨ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਪੰਜ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ (ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ) ਦੀ ਮਿਤੀ ਹੁਣ 5 ਅਗਸਤ ਕਰ ਦਿੱਤੀ ਗਈ ਹੈ । ਜਿਸ ਅਧੀਨ ਕਿਸਾਨ ਸਿਹਤ ਬੀਮਾ ਯੋਜਨਾ ਤਹਿਤ ਫਾਰਮ ਹੁਣ 05 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਹਨ ਇਹ ਪ੍ਰਗਟਾਵਾ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਪਿੰਡ ਸਿੰਘਪੁਰਾ ਵਿਖੇ ਹਾਜਰ ਕਿਸਾਨਾਂ ਨਾਲ ਕੀਤਾ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਇਸ ਯੋਜਨਾ ਤਹਿਤ ਦਿਲ ਦੇ ਆਪਰੇਸ਼ਨ, ਕੈਂਸਰ ਦਾ ਇਲਾਜ, ਹੱਡੀਆਂ ਦੇ ਜੋੜ ਬਦਲਣ ਅਤੇ ਦੁਰਘਟਨਾ ਆਦਿ ਦੇ ਮਾਮਲਿਆਂ ਸਮੇਤ 1396 ਬਿਮਾਰੀਆਂ ਦੇ ਸੂਚੀਬੱਧ 546 ਨਿੱਜੀ ਅਤੇ 208 ਸਰਕਾਰੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਲ ਹਨ। ਉਹਨਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਕੋਲ 1 ਜਨਵਰੀ 2020 ਤੋਂ ਬਾਅਦ ਵੇਚੀ ਫਸਲ ਤੇ ਪ੍ਰਾਪਤ ਜੇ ਫਾਰਮ ਜਾਂ 01 ਨਵੰਬਰ 2019 ਤੋਂ 31 ਮਾਰਚ ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨੇ ਦੀ ਤੋਲ ਦੀਆਂ ਪਰਚੀਆਂ ਹਨ ਉਹ ਕਿਸਾਨ ਸਵੈ ਘੋਸ਼ਨਾ ਪੱਤਰ ਅਤੇ ਲੋੜੀਂਦੇ ਦਸਤਾਵੇਜ਼ (ਆਧਾਰ ਕਾਰਡ ) ਸਬੰਧਿਤ ਮਾਰਕੀਟ ਕਮੇਟੀ ਦਫਤਰ/ਆੜ੍ਹਤੀਆਂ ਫਰਮ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਹ ਫਾਰਮ ਕਿਸਾਨ ਮਾਰਕੀਟ ਕਮੇਟੀ ਜਾਂ ਆੜ੍ਹਤੀਆਂ ਪਾਸੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਸਬੰਧੀ ਦਰਖਾਸਤ ਦੇਣ ਦੀ ਆਖਰੀ ਮਿਤੀ 05 ਅਗਸਤ 2020 ਨਿਸ਼ਚਿਤ ਕੀਤੀ ਗਈ ਹੈ। ਇਸ ਲਈ ਇਸ ਯੋਜਨਾ ਦਾ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ ਜੇਕਰ ਹੋਰ ਜਾਣਕਾਰੀ ਦੀ ਜਰੂਰਤ ਹੋਵੇ ਤਾਂ ਟੋਲ ਫ੍ਰੀ ਕਾਲ ਨੰਬਰ-104 ਤੇ ਜਾਂ ਖੇਤੀਬਾੜੀ ਵਿਭਾਗ ਬਲਾਕ ਮਾਜਰੀ ਜਾਂ ਮਾਰਕੀਟ ਕਮੇਟੀ ਕੁਰਾਲੀ ਵਿਖੇ ਲੈ ਸਕਦੇ ਹਨ ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਬੀ ਟੀ ਐਮ, ਸਿਮਰਨਜੀਤ ਕੌਰ,ਸਵਿੰਦਰ ਕੁਮਾਰ ਏ ਟੀ ਐਮ,ਹਰਦੀਪ ਸਿੰਘ ਅਤੇ ਕਿਸਾਨਾਂ ਵਿੱਚ ਪਰਮਜੀਤ, ਬਲਜਿੰਦਰ, ਜਸਵਿੰਦਰ, ਜਰਨੈਲ ਅਤੇ ਜਸਵੀਰ ਸਿੰਘ ਹਾਜਰ ਸਨ ।