ਰਾਜ ਭਰ ਤੋਂ ਆਏ ਵਿਭਾਗੀ ਅਧਿਕਾਰੀਆਂ ਨਾਲ ਕਿਰਤ ਮੰਤਰੀ ਨੇ ਕੀਤੀ ਮੀਟਿੰਗ; ਕੰਮਕਾਜ ਦੀ ਕੀਤੀ ਸਮੀਖਿਆ
ਐਸ.ਏ.ਐਸ. ਨਗਰ, 22 ਅਕਤੂਬਰ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਕਿਰਤੀਆਂ ਤੱਕ ਪੁੱਜਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਮੰਤਵ ਲਈ ਕਿਰਤ ਵਿਭਾਗ ਦੇ ਅਧਿਕਾਰੀ ਪੂਰੀ ਦਿਆਨਤਦਾਰੀ ਨਾਲ ਕੰਮ ਕਰਨ।
ਕਿਰਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਅੱਜ ਮਾਡਲ ਵੈਲਫੇਅਰ ਸੈਂਟਰ, ਫ਼ੇਜ਼-10 ਮੁਹਾਲੀ ਵਿਖੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸ. ਸਿੱਧੂ ਨੇ ਕਿਹਾ ਕਿ ਅਧਿਕਾਰੀ ਇਹ ਗੱਲ ਯਕੀਨੀ ਬਣਾਉਣ ਕਿ ਕਿਰਤੀਆਂ ਦੀ ਭਲਾਈ ਲਈ ਬਣੇ ਬੋਰਡਾਂ ਕੋਲ ਰਜਿਸਟਰਡ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਨੂੰ ਜ਼ਰੂਰ ਮਿਲੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਸੇਵਾ ਭਾਵ ਨਾਲ ਨਿਭਾਉਂਦਿਆਂ ਗਰੀਬਾਂ ਤੇ ਬੇਸਹਾਰਾ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਕਿਰਤ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਕਿਰਤੀਆਂ ਨੂੰ ਲਾਭ ਪਹੁੰਚਾਉਣ ਦਾ ਕੋਈ ਵੀ ਮੌਕਾ ਅਧਿਕਾਰੀਆਂ ਨੂੰ ਖੁੰਝਾਉਣਾ ਨਹੀਂ ਚਾਹੀਦਾ ਅਤੇ ਅਜਿਹੇ ਪੁੰਨ ਦਾ ਕੰਮ ਕਰਨ ਲਈ ਉਨ੍ਹਾਂ ਨੂੰ ਕਾਨੂੰਨ ਨੇ ਅਧਿਕਾਰ ਵੀ ਦਿੱਤੇ ਹੋਏ ਹਨ, ਜਿਨ੍ਹਾਂ ਦੀ ਵਰਤੋਂ ਕਰਦਿਆਂ ਉਹ ਕਿਰਤੀਆਂ ਦੇ ਬਣਦੇ ਹੱਕ ਅਤੇ ਲਾਭ ਸੁਰੱਖਿਅਤ ਕਰਵਾ ਸਕਦੇ ਹਨ। ਕਿਰਤ ਕਮਿਸ਼ਨਰ ਪੰਜਾਬ ਸ੍ਰੀ ਵਿਮਲ ਸੇਤੀਆ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਹਲਕੇ ਦੇ ਕੇਸਾਂ ਦਾ ਨਿਬੇੜਾ ਸਮੇਂ ਸਿਰ ਕਰਨ ਅਤੇ ਲਾਭਪਾਤਰੀਆਂ ਦੀਆਂ ਰਜਿਸਟਰੇਸ਼ਨਾਂ ਕਰਕੇ ਦੋਵਾਂ ਬੋਰਡਾਂ ਦੀਆਂ ਸਕੀਮਾਂ ਡੀ.ਸੀ. ਦਫ਼ਤਰਾਂ ਪਾਸੋਂ ਪਾਸ ਕਰਵਾ ਕੇ ਸਦਰ ਦਫ਼ਤਰ ਭੇਜਣ ਤਾਂ ਜੋ ਵੱਧ ਤੋਂ ਵੱਧ ਕਿਰਤੀਆਂ ਨੂੰ ਲਾਭ ਦਿੱਤੇ ਜਾ ਸਕਣ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਉਪ ਕਿਰਤ ਕਮਿਸ਼ਨਰ ਮੋਨਾ ਪੁਰੀ, ਡਿਪਟੀ ਸਕੱਤਰ ਵੈਲਫੇਅਰ ਬੋਰਡ ਜਤਿੰਦਰਪਾਲ ਸਿੰਘ, ਸਹਾਇਕ ਵੈਲਫੇਅਰ ਕਮਿਸ਼ਨਰ ਜਗੀਰ ਸਿੰਘ ਭੰਗੂ, ਵਧੀਕ ਡਾਇਰੈਕਟਰ ਫੈਕਟਰੀਜ਼ ਕਸ਼ਮੀਰ ਸਿੰਘ, ਜੁਆਇੰਟ ਡਾਇਰੈਕਟਰ ਫੈਕਟਰੀਜ਼ ਸੁਖਮਿੰਦਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਮੁਹਾਲੀ ਜਤਿੰਦਰਪਾਲ ਸਿੰਘ ਸਮੇਤ ਕਿਰਤ ਵਿਭਾਗ ਦੇ ਸਾਰੇ ਜ਼ਿਲਿ੍ਹਆਂ ਦੇ ਅਧਿਕਾਰੀ ਹਾਜ਼ਰ ਸਨ। ਕੈਪਸ਼ਨ: ਪੰਜਾਬ ਭਰ ਤੋਂ ਆਏ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ।