ਸੁਲਤਾਨਪੁਰ ਲੋਧੀ
ਮਾਰਸ਼ਲ ਨਿਊਜ਼-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੀਆਂ ਤਿੰਨ ਦਿਨ ਚੱਲਣ ਵਾਲੀਆਂ ਕਿਸ਼ਤੀ ਦੌੜਾਂ ਬੀਤੇ ਦਿਨ ਪਵਿੱਤਰ ਕਾਲੀ ਵੇਈਂ ‘ਚ ਸ਼ੁਰੂ ਹੋ ਗਈਆਂ। 3 ਦਿਨ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ‘ਚ 10 ਸੂਬਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ‘ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮਹਾਰਾਸ਼ਟਰਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਮਨੀਪੁਰ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਕਿਸ਼ਤੀ ਦੌੜਾਂ ਦਾ ਉਦਘਾਟਨ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਨੇ ਸਾਂਝੇ ਤੌਰ ‘ਤੇ ਕੀਤਾ। ਇਨ੍ਹਾਂ ਕਿਸ਼ਤੀ ਦੌੜਾਂ ਵਿਚ ਡਰੈਗਨ ਬੋਟ, ਕੈਨੋ ਪੋਲੋ, ਕਿਯਾਕਿੰਗ ਤੇ ਕਨੋਇੰਗ ਦੇ ਮੁਕਾਬਲੇ ਹੋਣਗੇ।
ਕਿਸ਼ਤੀ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਵੱਖ-ਵੱਖ ਸੂਬਿਆਂ ਤੋਂ 400 ਦੇ ਕਰੀਬ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਆਏ ਹੋਏ ਹਨ। ਪੰਜਾਬ ‘ਚ ਕਿਸ਼ਤੀ ਦੌੜਾਂ ਸਿਰਫ ਪਵਿੱਤਰ ਕਾਲੀ ਵੇਈਂ ‘ਚ ਹੀ ਹੁੰਦੀਆਂ ਆ ਰਹੀਆਂ ਹਨ। ਇਨ੍ਹਾਂ ਕਿਸ਼ਤੀ ਮੁਕਾਬਲਿਆਂ ਦੀ ਮੇਜ਼ਬਾਨੀ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵੱਲੋਂ ਕੀਤੀ ਜਾ ਰਹੀ ਹੈ।
ਇਸ ਸਮੇਂ ਸੰਤ ਸੀਚੇਵਾਲ ਜੀ ਵੱਲੋਂ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਆਏ ਖਿਡਾਰੀਆਂ ਨੂੰ ਜੀ ਆਇਆਂ ਕਹਿੰਦਿਆਂ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ।