ਮਾਜਰੀ 16 ਜੂਨ (ਮਾਰਸ਼ਲ ਨਿਊਜ਼) ਕਰੋਨਾ ਬਿਮਾਰੀ ਦੇ ਚਲਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਦੇ ਕਰਮਚਾਰੀ/ਅਧਿਕਾਰੀਆਂ ਵੱਲੋਂ ਪਿੰਡਾਂ ਵਿੱਚ ਜਾਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਅਤੇ ਤਕਨੀਕੀ ਜਾਣਕਾਰੀ ਦੇਣ ਕਰਕੇ ਅੱਜ ਪਿੰਡ ਬਰਸਾਲਪੁਰ ਵਿਖੇ ਇਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਪਿੰਡ ਦੀ ਪੰਚਾਇਤ ਅਤੇ ਨਾਲ ਲਗਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਕੱਠੇ ਹੋ ਕੇ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ, ਡਾ ਤਰਲੋਚਨ ਸਿੰਘ ਬਾਗਬਾਨੀ ਵਿਕਾਸ ਅਫਸਰ, ਸ੍ਰੀ ਗੁਰਪ੍ਰੀਤ ਸਿੰਘ ਬੀ ਟੀ ਐਮ, ਜਸਵੰਤ ਸਿੰਘ ਏ ਟੀ ਐਮ ਅਤੇ ਸਵਿੰਦਰ ਕੁਮਾਰ ਏ ਟੀ ਐਮ ਨੂੰ ਕਰੋਨਾ ਬਿਮਾਰੀ ਦੌਰਾਨ ਇਹ ਸੇਵਾਵਾਂ ਮੁਹੱਈਆ ਕਰਵਾਉਣ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਜਸਪ੍ਰੀਤ ਸਿੰਘ ਸਰਪੰਚ ਪਿੰਡ ਬਰਸਾਲਪੁਰ, ਬਲਜੀਤ ਸਿੰਘ ਸਰਪੰਚ ਪਿੰਡ ਧੰਘਤਾਨਾ, ਜਗੀਰ ਸਿੰਘ ਸਰਪੰਚ ਪਿੰਡ ਅਕਾਲਗੜ੍ਹ, ਪਰਦੀਪ ਸਿੰਘ ਸਰਪੰਚ ਪਿੰਡ ਥਾਣਾ ਗੋਬਿੰਦਗੜ੍ਹ ਹਾਜਰ ਸਨ । ਸ੍ਰੀ ਜਸਪ੍ਰੀਤ ਸਿੰਘ ਸਰਪੰਚ ਪਿੰਡ ਬਰਸਾਲਪੁਰ ਨੇ ਦੱਸਿਆ ਕਿ ਕਰੋਨਾ ਬਿਮਾਰੀ ਦੇ ਸ਼ੁਰੂ ਹੁੰਦੀਆ ਹੀ ਜਿਲਾ ਪ੍ਰਸ਼ਾਸਨ ਵੱਲੋਂ ਇਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਸਨ। ਜਿਵੇਂ ਪੰਜਾਬ ਸਰਕਾਰ ਜਾਂ ਸਮਾਜਿਕ ਸੰਸਥਾਵਾਂ ਵੱਲੋਂ ਸਿਹਤ ਕਰਮੀਆਂ,ਸਫਾਈ ਸੇਵਕਾਂ ਅਤੇ ਪੁਲਿਸ ਮੁਲਾਜਮਾਂ ਨੂੰ ਕਰੋਨਾ ਯੋਧੇ ਕਹਿਕੇ ਸਨਮਾਨਿਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਵਰਗ ਵੀ ਸ਼ਾਮਿਲ ਹੈ ਜੋ ਫਰੰਟ ਲਾਈਨ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਈਆਂ ਕਰੋਨਾ ਬਿਮਾਰੀ ਸਬੰਧੀ ਡਿਊਟੀਆਂ ਦੇ ਨਾਲ ਨਾਲ ਕਿਸਾਨਾਂ ਨੂੰ ਕਣਕ ਦੀ ਕਟਾਈ, ਮੰਡੀਕਰਨ, ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਬਿਜਾਈ ਲਈ ਪ੍ਰੇਰਿਤ ਕਰਦੇ ਰਹੇ ਅਤੇ ਸਮੇਂ ਸਮੇਂ ਸਿਰ ਆਕੇ ਤਕਨੀਕੀ ਜਾਣਕਾਰੀ ਦਿੰਦੇ ਰਹੇ। ਕਰੋਨਾ ਬਿਮਾਰੀ ਦੇ ਪ੍ਰਕੋਪ ਕਾਰਨ ਜਿਥੇ ਸਰਕਾਰ ਵੱਲੋਂ ਲਾਕਡਾਉਨ/ਕਰਫਿਊ ਲਗਾਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਬਾਰੇ ਕਿਹਾ ਗਿਆ ਸੀ ਉਥੇ ਇਹਨਾਂ ਵਲੋਂ ਲਗਾਤਾਰ ਬਿਨਾਂ ਕੋਈ ਸੁਰੱਖਿਆ ਵਸਤਰ ਡਿਊਟੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜਦੋਂ ਇਹ ਸਟਾਫ ਹਰ ਰੋਜ਼ ਡਿਊਟੀ ਨਿਭਾ ਕੇ ਆਪਣੇ ਘਰਾਂ ਨੂੰ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਹਨਾਂ ਦੇ ਪਰਿਵਾਰ ਦੀ ਜਾਨ ਜ਼ੋਖਮ ਵਿੱਚ ਪੈ ਜਾਵੇ । ਪਰ ਫਿਰ ਵੀ ਇਹਨਾਂ ਵੱਲੋਂ ਲਗਾਈਆਂ ਜਾ ਰਹੀਆਂ ਡਿਊਟੀਆਂ ਦੇ ਨਾਲ ਕਿਸਾਨਾਂ ਨਾਲ ਵੀ ਤਾਲਮੇਲ ਰੱਖਿਆ ਗਿਆ ਅਤੇ ਆਪਣੀ ਡਿਊਟੀ ਵੀ ਜਿੰਮੇਵਾਰੀ ਨਾਲ ਕੀਤੀ।ਇਸ ਲਈ ਸਾਡੇ ਸਾਰਿਆਂ ਵਲੋਂ ਇਹਨਾਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਇਸ ਮੌਕੇ ਪਿੰਡਾਂ ਦੇ ਅਗਾਂਹਵਾਧੂ ਕਿਸਾਨ ਹਰਜੀਤ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ ਅਤੇ ਜਗਤਾਰ ਸਿੰਘ ਹਾਜਰ ਸਨ।