ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਪੀਲੇ ਕਾਰਡ ਧਾਰਕ ਸ਼ਰਧਾਲੂਆਂ ਦੀ ਫੀਸ ਸ਼੍ਰੋਮਣੀ ਕਮੇਟੀ ਭਰੇ-ਮੁੱਖ ਮੰਤਰੀ
ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਅਪੀਲ
ਚੰਡੀਗੜ, 13 ਨਵੰਬਰ
ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਘੱਟ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਥਿਕ ਤੌਰ ’ਤੇ ਸਮਰੱਥ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੱਟੋ-ਘੱਟ ਪੀਲੇ ਕਾਰਡਧਾਰਕਾਂ ਦੀ ਪ੍ਰਤੀ ਯਾਤਰੀ 20 ਡਾਲਰ ਦੀ ਫੀਸ ਆਪਣੇ ਖਜ਼ਾਨਿਆਂ ਵਿੱਚੋਂ ਭਰਨ ਲਈ ਆਖਿਆ ਕਿਉਂ ਜੋ ਇਹ ਲੋਕ ਆਪਣੇ ਪੱਲਿਓਂ ਖਰਚਾ ਨਹੀਂ ਚੁੱਕ ਸਕਦੇ।
ਸ਼ਰਧਾਲੂਆਂ ਵਿੱਚ ਪਾਈ ਜਾ ਰਹੀ ਦੁਬਿਧਾ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਸਪੋਰਟ ਦੀ ਬਜਾਏ ਸ਼ਨਾਖ਼ਤ ਲਈ ਆਧਾਰ ਕਾਰਡ, ਡਰਾਈਵਿੰਗ ਲਾਇਸੰਸ ਆਦਿ ਦਸਤਾਵੇਜ਼ਾਂ ਨੂੰ ਸਬੂਤ ਵਜੋਂ ਪ੍ਰਵਾਨ ਕੀਤਾ ਜਾਵੇ। ਉਨਾਂ ਕਿਹਾ ਕਿ ਬਦਲਵੇਂ ਦਸਤਾਵੇਜ਼ਾਂ ਦੀ ਵਿਧੀ ਨੂੰ ਅਪਣਾਇਆ ਜਾ ਸਕਦਾ ਹੈ ਕਿਉਂਕਿ ਕਿਸੇ ਵੀ ਤਰਾਂ ਪਾਸਪੋਰਟ ’ਤੇ ਵੀਜ਼ੇ ਦੀ ਮੋਹਰ ਦੀ ਲੋੜ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲਾਂਘਾ ਪਾਰ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਘੱਟ ਗਿਣਤੀ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਵਿੱਚ ਦਿਲਚਸਪੀ ਨਹੀਂ ਹੈ ਸਗੋਂ ਪਾਸਪੋਰਟ ਅਤੇ 20 ਡਾਲਰ ਦੀ ਫੀਸ ਦੀਆਂ ਦੋ ਸ਼ਰਤਾਂ ਇਸ ਦਾ ਕਾਰਨ ਬਣੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲੱਖਾਂ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਵਿੱਚ ਹਨ ਪਰ ਇਨਾਂ ਰੁਕਾਵਟਾਂ ਕਾਰਨ ਉਨਾਂ ਨੂੰ ਵਾਪਸ ਮੁੜਨਾ ਪੈਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਂਘਾ ਖੁੱਲਣ ਤੋਂ ਪਹਿਲਾਂ ਭਾਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕੀਤਾ ਸੀ ਕਿ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ ਪਰ ਇਹ ਫੈਸਲਾ ਰਸਮੀ ਤੌਰ ’ਤੇ ਨਹੀਂ ਸੀ। ਉਨਾਂ ਨੇ ਇਮਰਾਨ ਖਾਨ ਦੇ ਨਾਲ-ਨਾਲ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਲਾਂਘੇ ਰਾਹੀਂ ਜਾਣ ਵਾਲਿਆਂ ਲਈ ਪਾਸਪੋਰਟ ਦੀ ਸ਼ਰਤ ਸਬੰਧੀ ਕੀਤੇ ਐਮ.ਓ.ਯੂ. ਵਿੱਚ ਸੋਧ ਕਰਕੇ ਇਸ ਸਮੱਸਿਆ ਨੂੰ ਸੁਲਝਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਸ਼ਰਧਾਲੂ ਕਰਤਾਰਪੁਰ ਲਾਂਘਾ ਪਾਰ ਕਰਕੇ ਦਰਸ਼ਨਾਂ ਦੀ ਤਾਂਘ ਪੂਰੀ ਨਾ ਸਕੇ ਤਾਂ ਦੋਵਾਂ ਸਰਕਾਰ ਦੇ ਸਾਂਝੇ ਯਤਨਾਂ ਨਾਲ ਹਕੀਕਤ ਵਿੱਚ ਆਏ ਇਸ ਵਿਲੱਖਣ ਉਪਰਾਲੇ ਦਾ ਮੰਤਵ ਧੁੰਦਲਾ ਹੋ ਜਾਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਖਰਚੇ ਕਰਕੇ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਧਾਰਮਿਕ ਸੰਸਥਾ ਕੋਲ ਮਾਇਆ ਦੀ ਕੋਈ ਤੋਟ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਪਣੀ ਹਉਮੈ ਨੂੰ ਸ਼ਾਂਤ ਕਰਨ ਅਤੇ ਇਸ ਧਾਰਮਿਕ ਮੌਕੇ ਨੂੰ ਸਿਆਸੀ ਨੁਕਤੇ ਵਜੋਂ ਉਭਾਰਨ ਲਈ ਮਾਇਆ ਦਾ ਵਿਖਾਵਾ ਕਰਨ ਦੀ ਬਜਾਏ ਉਨਾਂ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਸ਼ਰਧਾਲੂਆਂ ਖਾਸ ਕਰਕੇ ਪੀਲੇ ਕਾਰਡ ਧਾਰਕਾਂ ਦੀ 20-20 ਡਾਲਰ ਦੀ ਫੀਸ ਭਰਨੀ ਚਾਹੀਦੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੇ ਸਿਆਸੀ ਆਕਾ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਭਾਈਚਾਰੇ ਲਈ ਮਾਇਆ ਦੇ ਰੂਪ ਵਿੱਚ ਕੁਝ ਯੋਗਦਾਨ ਕਿਉਂ ਨਹੀਂ ਪਾ ਸਕਦੇ।’’ ਉਨਾਂ ਕਿਹਾ ਕਿ ਸਿੱਖਾਂ ਦੇ ਰਾਖੇ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਕਮੇਟੀ ਜੋ ਉਨਾਂ ਦੇ ਕੰਟਰੋਲ ਹੇਠ ਹੈ, ਨੂੰ ਘੱਟੋ-ਘੱਟ ਇਹ ਤਾਂ ਕਹਿ ਸਕਦੇ ਹਨ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਰੱਖਣ ਵਾਲੇ ਗਰੀਬ ਸ਼ਰਧਾਲੂਆਂ ਦੀ ਇਮਦਾਦ ਕੀਤੀ ਜਾਵੇ ਕਿਉਂਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਨਾਂ ਸ਼ਰਧਾਲੂਆਂ ਦੇ ਸੁਪਨੇ ਕਦੇ ਵੀ ਹਕੀਕਤ ਨਹੀਂ ਬਣ ਸਕਦੇ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਧਾਰਮਿਕ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਸਿਰਫ ਸਿੱਖਾਂ ਸਗੋਂ ਮਹਾਨ ਗੁਰੂ ਸਾਹਿਬ ਜੀ ਦੇ ਸਮੂਹ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਰੱਖੀ ਚਿਰੋਕਣੀ ਖਾਹਿਸ਼ ਨੂੰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮੁੱਖ ਸਮਾਗਮ ਲਈ ਵੱਖਰੀ ਸਟੇਜ ਲਾਉਣ ’ਤੇ ਵੱਡੀਆਂ ਰਕਮਾਂ ਖਰਚ ਕਰਨ ਤੋਂ ਇਹ ਸਿੱਧ ਕਰਦਾ ਹੈ ਕਿ ਇਹ ਸੰਸਥਾ ਸ਼ਰਧਾਲੂਆਂ ਦੀ ਫੀਸ ਦਾ ਬੋਝ ਵੀ ਸੌਖਿਆ ਹੀ ਸਹਾਰ ਸਕਦੀ ਹੈ।

LEAVE A REPLY

Please enter your comment!
Please enter your name here