ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਲੜਕੇ/ਲੜਕੀਆਂ ਦੇ ਰਹਿੰਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਹਿੰਮਤ ਸਿੰਘ ਹੁੰਦਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀਮਤੀ ਰਵਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ੇਜ਼ 3ਬੀ1 ਵਿਖੇ ਖੇਡੇ ਜਾ ਰਹੇ ਹਨ। ਉਦਘਾਟਨੀ ਮੈਚ ਦੌਰਾਨ ਖਿਡਾਰੀਆਂ ਨਾਲ ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਗਿਨੀ ਦੁੱਗਲ ਨੇ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨਾਲ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਪਰਮਵੀਰ ਕੌਰ, ਹਰਿੰਦਰ ਗਰੇਵਾਲ, ਸੰਜੀਵ ਕੁਮਾਰ, ਹਰਬੰਸ ਸਿੰਘ ਅਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅਧਿਆਤਮ ਪ੍ਰਕਾਸ਼ ਤਿਊੜ ਨੇ ਪਹਿਲੇ ਦਿਨ ਦੇ ਮੈਚਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਲੜਕੇ 14 ਸਾਲ ਵਰਗ ਵਿੱਚ ਫਾਜ਼ਿਲਕਾ ਨੇ ਜਲੰਧਰ ਨੂੰ 76-39 ਦੇ ਵੱਡੇ ਫਰਕ ਨਾਲ ਹਰਾਇਆ। ਦੂਜੇ ਮੈਚ ਵਿੱਚ ਬਰਨਾਲਾ ਦੀ ਟੀਮ ਨੂੰ ਕਪੂਰਥਲਾ ਦੀ ਟੀਮ ਨਾ ਆਉਣ ’ਤੇ ਵਾਕ ਓਵਰ ਦਿੱਤਾ ਗਿਆ। ਅਗਲੇ ਮੈਚ ਵਿੱਚ ਪਟਿਆਲਾ ਨੇ ਫਤਹਿਗੜ੍ਹ ਸਾਹਿਬ ਨੂੰ 55-28 ਦੇ ਫਰਕ ਨਾਲ ਹਰਾਇਆ। ਲੜਕੀਆਂ ਦੇ ਮੈਚਾਂ ਵਿੱਚ ਸੰਗਰੂਰ ਨੇ ਫ਼ਰੀਦਕੋਟ ਨੂੰ 56-40 ਦੇ ਫਰਕ ਨਾਲ ਹਰਾਇਆ ਅਤੇ ਐਸ.ਏ.ਐਸ. ਨਗਰ ਨੇ ਮੋਗਾ ਨੂੰ 42-37 ਦੇ ਫਰਕ ਨਾਲ ਹਰਾਇਆ। ਰੂਪਨਗਰ ਨੇ ਪਟਿਆਲਾ ਨੂੰ 58-33 ਦੇ ਫਰਕ ਨਾਲ ਹਰਾਇਆ। ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 19 ਅਕਤੂਬਰ ਨੂੰ ਖੇਡੇ ਜਾਣਗੇ।

LEAVE A REPLY

Please enter your comment!
Please enter your name here