ਕੋਰੋਨਾ ਤੋਂ ਮੁਕਤੀ ਲਈ ਪ੍ਰਸ਼ਾਸਨ ਦੀ ਕੀਤੀ ਸ਼ਲਾਘਾ, ਏਐੱਲਐੱਸ ਐਂਬੂਲੈਂਸ ਲਈ 25 ਲੱਖ ਰੁਪਏ ਦਿੱਤੇ 
ਐਸਏਐਸ ਨਗਰ, 22 ਮਈ:
ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਦੀ ਜ਼ਿਲ੍ਹੇ ਨੂੰ ਕੋਰੋਨਾ ਮੁਕਤੀ ਵੱਲ ਲਿਜਾਣ ਤੇ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਹਰਾਉਣਾ ਇੱਕ ਸਦੀ ਤੋਂ ਦੂਜੀ ਸਦੀ ਚ ਪ੍ਰਵੇਸ਼ ਕਰਨ ਦੀ ਸ਼ਲਾਘਾਯੋਗ ਯਾਤਰਾ ਹੈ।
ਡਿਪਟੀ ਕਮਿਸ਼ਨਰ ਦਫਤਰ ਚ ਮੀਟਿੰਗ ਦੌਰਾਨ ਤਿਵਾੜੀ ਨੇ ਜ਼ਿਲ੍ਹੇ ਦੀ ਕਵਿਡ19 ਦੇ ਦਲਦਲ ਤੋਂ ਬਾਹਰ ਨਿਕਲਣ ਲਈ ਅਪਣਾਈ ਰਣਨੀਤੀ ਬਾਰੇ ਜਾਣਿਆ। ਉਨ੍ਹਾਂ ਦਿਆਲਨ ਨੂੰ ਆਲੇ ਦੁਆਲੇ ਦੇ ਜ਼ਿਲ੍ਹਿਆਂ ਚ ਆਪਣੇ ਸਮਾਨ ਅਹੁਦੇਦਾਰਾਂ ਨਾਲ ਵੀ ਅਜਿਹੇ ਉੱਚ ਪੱਧਰੀ ਤਰੀਕਿਆਂ ਨੂੰ ਸਾਂਝਾ ਕਰਨ ਦਾ ਸੁਝਾਅ ਦਿੱਤਾ, ਤਾਂ ਜੋ ਸੂਬੇ ਚ ਕੋਰੋਨਾ ਤੋਂ ਰਿਕਵਰੀ ਦੀ ਗਤੀ ਨੂੰ ਵਧਾਇਆ ਜਾ ਸਕੇ।
ਐੱਮਪੀ ਨੇ ਕੋਰੋਨਾ ਖਿਲਾਫ ਜੰਗ ਚ ਜ਼ਿਲ੍ਹੇ ਨੂੰ 25 ਲੱਖ ਰੁਪਏ ਦੀ ਗ੍ਰਾਟ ਦੇਣ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਰਾਸ਼ੀ ਦਾ ਜ਼ਿਲ੍ਹੇ ਲਈ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ (ਏਐੱਲਐੱਸ) ਖ੍ਰੀਦਣ ਚ ਇਸਤੇਮਾਲ ਕੀਤਾ ਜਾ ਸਕੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਫਰੰਟਲਾਈਨ ਵਰੀਅਰਾਂ ਦੀਆਂ ਚਿੰਤਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ ਕੰਮ ਦੇ ਭਾਰੀ ਦਬਾਅ ਦੇ ਬਾਵਜੂਦ ਕੋਰੋਨਾ ਨੂੰ ਹਰਾਉਣ ਨਾਲ ਉਹ ਉਤਸ਼ਾਹ ਮਹਿਸੂਸ ਕਰ ਰਹੇ ਹਨ, ਪਰ ਉਨ੍ਹਾਂ ਚ ਵਾਇਰਸ ਨੂੰ ਆਪਣੇ ਘਰ ਪਰਿਵਾਰਾਂ ਕੋਲ ਲੈ ਜਾਣ ਦਾ ਡਰ ਵੀ ਹੈ।
ਜਿਸ ਤੇ ਗਰੀਸ਼ ਦਿਆਲਨ ਨੇ ਕਿਹਾ ਕਿ ਇਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਵਾਸਤੇ ਇਨ੍ਹਾਂ ਦਾ ਮਨੋਬਲ ਵਧਾਇਆ ਜਾਣਾ ਚਾਹੀਦਾ ਹੈ ਅਤੇ ਸੰਕਟ ਦੀ ਘੜੀ ਚ ਕੀਤੇ ਨਿਰੰਤਰ ਪ੍ਰਦਰਸ਼ਨ ਲਈ ਇਨਾਮ ਦੇਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਕੰਵਰਬੀਰ (ਰੂਬੀ) ਸਿੱਧੂ ਅਤੇ ਅਸ਼ਿਕਾ ਜੈਨ ਏਡੀਸੀ ਵੀ ਮੌਜੂਦ ਰਹੇ।