ਮਾਜਰੀ 23ਜੂਨ (ਮਾਰਸ਼ਲ ਨਿਊਜ਼) ਸ੍ਰੀਮਤੀ ਆਸ਼ਿਕਾ ਜੈਨ ਆਈ ਏ ਐਸ ਵਧੀਕ ਡਿਪਟੀ ਕਮਿਸ਼ਨਰ (ਡੀ) ਐਸ ਏ ਐਸ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਅਲਾਈਡ ਵਿਭਾਗਾਂ ਦੇ ਸਾਂਝੇ ਤਾਲਮੇਲ ਨਾਲ ਬਲਾਕ ਮਾਜਰੀ ਦੇ ਪਿੰਡ ਬਰਸਾਲਪੁਰ ਵਿਖੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਇਕ ਪ੍ਰੋਗਰਾਮ ਉਲੀਕਿਆ ਗਿਆ । ਇਸ ਮੌਕੇ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਦੀ ਅਗਵਾਈ ਹੇਠ ਬਾਗਵਾਨੀ ,ਭੂਮੀ ਰੱਖਿਆ,ਪਸ਼ੂ ਪਾਲਣ,ਡੇਅਰੀ ਵਿਭਾਗ ਦੇ ਅਧਿਕਾਰੀਆਂ ਦਾ ਪਿੰਡ ਦੇ ਕਿਸਾਨਾਂ ਨਾਲ ਸਿੱਧੇ ਤੌਰ ਤੇ ਤਾਲਮੇਲ ਕਰਵਾਇਆ ਗਿਆ ਤਾਂ ਜੋ ਛੋਟੇ ਅਤੇ ਸੀਮਾਂਤ ਕਿਸਾਨ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦਾ ਲਾਭ ਲੈ ਸਕਣ । ਇਸ ਮੌਕੇ ਡਾ. ਗੁਰਬਚਨ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਇਸ ਬਲਾਕ ਦੇ 2 ਪਿੰਡਾਂ ਦੀ ਚੋਣ ਕੀਤੀ ਗਈ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਪਿੰਡ ਦੇ ਕਿਸਾਨਾਂ ਦਾ ਸਰਵੇ ਕਰਵਾ ਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਚੋਣ ਕੀਤੀ ਗਈ ਅਤੇ ਹਰ ਕਿਸਾਨ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜਾ ਸਹਾਇਕ ਧੰਦੇ ਕਰਨਾ ਚਾਹੁੰਦੇ ਹੋ ਜਿਸ ਨੂੰ ਕਰਨ ਨਾਲ ਆਮਦਨ ਵਿੱਚ ਵਾਧਾ ਹੋ ਸਕੇ। ਇਸ ਮੌਕੇ ਡਾਂ ਦਲਜੀਤ ਸਿੰਘ ਨੇ ਪਿੰਡ ਦੇ ਕਿਸਾਨਾਂ ਦੀ ਚੋਣ ਕਰਕੇ ਉਹਨਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਵੱਖ ਵੱਖ ਥਾਵਾਂ ਤੇ ਸੱਦਿਆ ਅਤੇ ਉਥੇ ਹੀ ਉਹਨਾਂ ਨੂੰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੁਬੂਰੁ ਕਰਵਾਇਆ ਗਿਆ ਤਾਂ ਜੋ ਕਿਸਾਨ ਸਕੀਮਾਂ ਨੂੰ ਚੰਗੀ ਤਰਾਂ ਸਮਝ ਕੇ ਸਹਾਇਕ ਧੰਦਿਆਂ ਨੂੰ ਆਪਣਾ ਸਕਣ।ਪਿੰਡ ਦੇ ਨੌਜਵਾਨਾਂ ਨੇ ਸਹਾਇਕ ਧੰਦੇ ਅਪਨਾਉਣ ਲਈ ਹਾਂ-ਪੱਖੀ ਹੁੰਗਾਰਾ ਭਰਿਆ। ਇਸ ਤੇ ਡਾਂ ਦਲਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਤੁਹਾਡੇ ਵੇਰਵੇ ਇਕੱਠੇ ਕਰਕੇ ਜਲਦੀ ਹੀ ਆਤਮਾ ਸਕੀਮ ਅਧੀਨ ਅਲਾਈਡ ਵਿਭਾਗਾਂ ਨੂੰ ਦੇ ਦਿੱਤੇ ਜਾਣਗੇ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਕਿਸਾਨਾਂ ਨੂੰ ਜਲਦੀ ਮਿਲ ਸਕੇ ਅਤੇ ਇਸ ਪਿੰਡ ਨੂੰ ਇਕ ਮਾਡਲ ਪਿੰਡ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਜਸਪ੍ਰੀਤ ਸਿੰਘ ਨੇ ਡਾਂ ਦਲਜੀਤ ਸਿੰਘ ਜਿਲ੍ਹਾ ਸਿਖਲਾਈ ਅਫਸਰ ਐਸ ਏ ਐਸ ਦਾ ਧੰਨਵਾਦ ਕੀਤਾ ਅਤੇ ਕਿਸਾਨੀ ਦੀ ਤਨਦੇਹੀ ਨਾਲ ਸੇਵਾ ਕਰਨ ਤੇ ਪਿੰਡ ਦੀ ਪੰਚਾਇਤ ਵਲੋਂ ਸਿਰੋਪਾ ਪਾਕੇ ਸਨਮਾਨਿਤ ਕੀਤਾ ਅਤੇ ਹਾਜਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਤਮਾ ਸਕੀਮ ਅਧੀਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਣਾਕੇ ਹੀ ਆਪਣੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।ਇਸ ਮੌਕੇ ਬਾਗਵਾਨੀ ਵਿਭਾਗ ਦੇ ਡਾ. ਤਰਲੋਚਨ ਸਿੰਘ ਬਾਗਵਾਨੀ ਵਿਕਾਸ ਅਫਸਰ,ਪਸ਼ੂ ਪਾਲਣ ਵਿਭਾਗ , ਡੇਅਰੀ ਵਿਭਾਗ , ਭੂਮੀ ਰੱਖਿਆ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਵਿਭਾਗ ਅੰਦਰ ਚੱਲ ਰਹੀਆਂ ਸਕੀਮਾਂ ਵਾਰੇ ਜਾਣਕਾਰੀ ਦਿੱਤੀ। ਇਸ ਮੌਕੇ ਆਤਮਾ ਸਕੀਮ ਦੇ ਸਟਾਫ ਵਿੱਚ ਗੁਰਪ੍ਰੀਤ ਸਿੰਘ ਬੀ ਟੀ ਐਮ, ਜਗਦੀਪ ਸਿੰਘ ਬੀ ਟੀ ਐਮ,ਸ਼ਵਿੰਦਰ ਕੁਮਾਰ,ਜਸਵੰਤ ਸਿੰਘ ਏ ਟੀ ਐਮ ਹਾਜਰ ਸਨ। ਇਸ ਤੋਂ ਇਲਾਵਾ ਸ੍ਰੀ ਬਲਜੀਤ ਸਿੰਘ ਸਰਪੰਚ ਧੰਘਤਾਨਾ , ਜਗੀਰ ਸਿੰਘ ਸਰਪੰਚ ਅਕਾਲਗੜ੍ਹ , ਪਰਦੀਪ ਸਿੰਘ ਸਰਪੰਚ ਥਾਣਾ ਗੋਬਿੰਦਗੜ੍ਹ ਅਤੇ ਕਿਸਾਨ ਹਰਜੀਤ ਸਿੰਘ,ਅਮਰਜੀਤ ਸਿੰਘ,ਕਰਮਜੀਤ ਸਿੰਘ ਅਤੇ ਜਗਤਾਰ ਸਿੰਘ ਹਾਜਰ ਸਨ।