ਨਵੀਂ ਦਿੱਲੀ: ਸਟਾਰ ਆਫ਼ ਸਪਿਨਰ ਰਵਿਚੰਦਰ ਅਸਵਿਨ ਦੀ ਬਹਿਤਰੀਨ ਗੇਂਦਬਾਜ਼ੀ ਦੇ ਨਾਲ ਭਾਰਤ ਨੇ ਅੇਮਸੀਏ ਸਟੇਡੀਅਮ ‘ਚ ਜਾਰੀ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ ਉਸ ਦੀ ਪਹਿਲੀ ਪਾਰੀ ‘ਚ 275 ਦੌੜਾਂ ‘ਤੇ ਆਲ ਆਊਟ ਕਰ ਦਿੱਤਾ।
ਮੇਜ਼ਬਾਨ ਭਾਰਤ ਨੇ ਆਪਣੀ ਪਹਿਲੀ ਪਾਰੀ ਸ਼ੁਕੱਰਵਾਰ ਨੂੰ ਪੰਜ ਵਿਕਟਾਂ ਦੇ ਨੁਕਸਾਨ ‘ਤੇ 601 ਦੌੜਾਂ ਬਣਾ ਪੂਰੀ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਕੋਲ ਅਜੇ ਵੀ 326 ਦੌੜਾਂ ਦੀ ਵਧਤ ਹੈ। ਮਹਿਮਾਨ ਟੀਮ ਦੇ ਆਲ ਆਊਟ ਹੁੰਦੇ ਹੀ ਸਟੰਪਸ ਦਾ ਐਲਾਨ ਕੀਤਾ ਗਿਆ।
ਦੱਖਣੀ ਅਫਰੀਕਾ ਵੱਲੋਂ ਹੇਠਲੇ ਪਾਈਦਨ ਦੇ ਬੱਲੇਬਾਜ਼ ਕੇਸ਼ਵ ਮਹਾਰਾਜ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਲ ਫਾਫ ਡੁ ਪਲੇਸਿਸ ਨੇ 64, ਵਾਰਨੋਨ ਫਿਲੇਂਡਰ ਨੇ ਨਾਬਾਦ 44, ਬਯੂਨ ਨੇ 30 ਅਤੇ ਡੀ-ਕੌਕ ਨੇ 31 ਦੌੜਾਂ ਬਣਾਇਆਂ।
ਭਾਰਤੀ ਗੇਂਦਬਾਜ਼ ਅਸਵਿਨ ਨੇ ਸਾਊਥ ਅਫਰੀਕਾ ਦੇ ਖਿਡਾਰੀ ਮਹਾਰਾਜ ਨੂੰ ਰੋਹਿਤ ਸ਼ਰਮਾ ਹੱਥੋਂ ਕੈਚ ਆਊਟ ਕਰਵਾ ਭਾਰਤ ਨੂੰ ਅਹਿਮ ਕਾਮਯਾਬੀ ਦਿੱਤੀ। ਮਹਾਰਾਜ ਨੇ 132 ਗੇਂਦਾਂ ‘ਤੇ 12 ਚੌਕੇ ਲਗਾਏ। ਉਸ ਨੇ ਆਪਣਾ ਪਹਿਲਾ ਅਰਧ-ਸੈਂਕੜਾ ਵੀ ਬਣਾਇਆ। ਇਸ ਤੋਂ ਬਾਅਦ ਅਸਵਿਨ ਨੇ ਕਗਿਸੋ ਰਬਾਦਾ ਨੂੰ ਵੀ ਆਉਟ ਕਰ ਦੱਖਣੀ ਅਫਰੀਕਾ ਨੂੰ 275 ਦੌੜਾਂ ‘ਤੇ ਢੇਰ ਕਰ ਦਿੱਤਾ।
ਭਾਰਤ ਵੱਲੋਂ ਆਰ ਅਸਵਿਨ ਨੇ ਚਾਰ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਤਿੰਨ, ਮੁਹਮੰਦ ਸ਼ੰਮੀ ਨੇ ਦੋ ਅਤੇ ਰਵਿੰਦਰ ਜਡੇਜਾ ਨੇ ਇੱਕ ਵਿਕਟ ਹਾਸਲ ਕੀਤਾ। ਇਸ ਦੇ ਨਾਲ ਹੀ ਅਸਵਿਨ ਨੇ ਦੱਖਣੀ ਅਫਰੀਕਾ ਖਿਲਾਫ ਆਪਣੇ 50 ਵਿਕਟ ਪੂਰੇ ਕਰ ਲਏ। ਇਸ ਤੋਂ ਪਹਿਲਾਂ ਕੁੰਬਲੇ 84, ਜਵਾਗਲ ਸ਼੍ਰੀਨਾਥ 64 ਅਤੇ ਹਰਭਜਨ ਸਿੰਘ 60 ਵਿਕਟਾਂ ਹਾਸਲ ਕਰ ਚੁੱਕੇ ਹਨ।